
ਧੂਰੀ/ਸੰਗਰੂਰ, 21 ਦਸੰਬਰ (ਹਿੰ. ਸ.)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀ ਧੂਰੀ ਵੀ ਲਗਾਈ ਗਈ। ਇਸ ਕੈਂਪ ਵਿੱਚ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕੈਂਪ ਵਿੱਚ ਸ਼ਮੂਲੀਅਤ ਕਰ ਰਹੇ ਕਿਸਾਨਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ। ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਕੀਤਾ ਗਿਆ। ਕੈਂਪ ਦੀ ਪ੍ਰਧਾਨਗੀ ਡਾ: ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕੀਤੀ ਗਈ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾ. ਰਾਜਵੰਤ ਸਿੰਘ ਘੁੱਲੀ ਚੇਅਰਮੈਨ ਮਾਰਕਿਟ ਕਮੇਟੀ ਧੂਰੀ, ਡਾ. ਕਰਨਜੀਤ ਸਿੰਘ ਗਿੱਲ ਸੰਯੁਕਤ ਡਾਇਰੈਕਟਰ ਖੇਤੀਬਾੜੀ (ਵਿ ਅਤੇ ਸਿ) ਅਰੁਣ ਕੁਮਾਰ ਮਾਨਯੋਗ ਸੰਯੁਕਤ ਡਾਇਰੈਕਟਰ ਖੇਤੀਬਾੜੀ (ਹ ਜ) ਵੱਲੋਂ ਕੀਤੀ ਗਈ।
ਚੇਅਰਮੈਨ ਦਲਬੀਰ ਸਿੰਘ ਢਿੱਲੋਂ ਨੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਖੇਤੀ ਮਾਹਿਰਾਂ ਦੁਆਰਾ ਦੱਸੀਆਂ ਸਿਫ਼ਾਰਸ਼ਾਂ ਤੇ ਅਮਲ ਕੀਤਾ ਜਾਵੇ ਤੇ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਜਿਵੇਂ ਮਧੂ ਮੱਖੀ ਪਾਲਣ, ਪਸੂ ਪਾਲਣ, ਮੱਛੀ ਪਾਲਣ, ਮੁਰਗ਼ੀ ਪਾਲਣ, ਡੇਅਰੀ, ਬਾਗ਼ਬਾਨੀ, ਫੁੱਲਾਂ ਦੀ ਕਾਸ਼ਤ ਆਦਿ ਅਪਣਾਏ ਜਾਣ ਤਾਂ ਕਿ ਵੱਧ ਆਮਦਨ ਲਈ ਜਾ ਸਕੇ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਕੈਂਪ ਵਿੱਚ ਸ਼ਾਮਲ ਵੱਖ ਵੱਖ ਸੈੱਲਫ਼ ਹੈਲਪ ਗਰੁੱਪਾਂ, ਕੋਆਪਰੇਟਿਵ ਸੋਸਾਇਟੀਜ਼ ਅਤੇ ਅਗਾਂਹਵਧੂ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਖੇਤੀ ਪਦਾਰਥਾਂ ਦੀ ਪ੍ਰੋਸੈਸਿੰਗ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਤੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰੋਸੈਸਿੰਗ ਦੇ ਨਾਲ ਨਾਲ ਮਾਰਕੀਟਿੰਗ ਸਕਿੱਲ ਵਿੱਚ ਵਾਧਾ ਕਰਨਾ ਅਤਿ ਜ਼ਰੂਰੀ ਹੈ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਧੂਰੀ ਰਾਜਵੰਤ ਸਿੰਘ ਘੁੱਲੀ, ਐਸ ਡੀ ਐਮ ਧੂਰੀ ਰਿਸ਼ਵ ਬਾਂਸਲ, ਡਾਇਰੈਕਟਰ ਸ਼ੂਗਰ ਫੈਡ ਜਸਪਾਲ ਸਿੰਘ ਭੁੱਲਰ, ਡਾਇਰੈਕਟਰ ਅਨਿਲ ਮਿੱਤਲ, ਨਰੇਸ਼ ਸਿੰਗਲਾ ਅਤੇ ਹਰਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਕੈਂਪ ਵਿੱਚ ਡਾ: ਕਰਨਜੀਤ ਸਿੰਘ ਗਿੱਲ ਸੰਯੁਕਤ ਡਾਇਰੈਕਟਰ ਖੇਤੀਬਾੜੀ (ਵਿ ਅਤੇ ਸਿ) ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਾੜੀ 2025 ਲਈ ਖਾਦਾਂ, ਬੀਜਾਂ ਅਤੇ ਕੀੜੇਮਾਰ ਦਵਾਈਆਂ ਦੇ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਬਿਜਾਈ ਸਮੇਂ ਕਿਸੇ ਵੀ ਖੇਤੀ ਇਨਪੁਟਸ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਦੀ ਖੇਤੀ ਬਹੁਤ ਹੀ ਸੂਝਬੂਝ ਦੀ ਖੇਤੀ ਹੈ। ਲਾਹੇਵੰਦ ਅਤੇ ਮਿਆਰੀ ਉਪਜ ਪ੍ਰਾਪਤ ਕਰਨ ਲਈ ਤਕਨੀਕੀ ਗਿਆਨ ਅਤੇ ਨਵੀਂਆਂ ਤਕਨੀਕਾਂ ਨਾਲ ਹਾਈਟੈੱਕ ਖੇਤੀ ਕਰਨੀ ਪੈਣੀ ਹੈ ਜਿਸ ਲਈ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਲਗਾਏ ਜਾਂਦੇ ਕਿਸਾਨ ਸਿਖਲਾਈ ਕੈਂਪਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਫ਼ਸਲਾਂ ਤੋਂ ਵੱਧ ਝਾੜ ਲੈਣ ਦੇ ਨਾਲ ਨਾਲ ਸਾਨੂੰ ਕੁਦਰਤੀ ਸਾਧਨ ਜਿਵੇਂ ਕਿ ਵਾਤਾਵਰਣ ਜ਼ਮੀਨ ਅਤੇ ਪਾਣੀ ਦੀ ਸੰਭਾਲ ਤੇ ਸੁਚੱਜੀ ਵਰਤੋਂ ਹਰ ਸੰਭਵ ਕੋਸ਼ਿਸ਼ਾਂ ਕਰਨੀ ਚਾਹੀਦੀ ਹੈ।
ਡਾ: ਅਰੁਣ ਕੁਮਾਰ ਸੰਯੁਕਤ ਡਾਇਰੈਕਟਰ ਖੇਤੀਬਾੜੀ (ਹਜ) ਨੇ ਦੱਸਿਆ ਕਿ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਤਹਿਤ ਤਜਵੀਜ਼ ਬਣਾ ਕੇ ਭਾਰਤ ਸਰਕਾਰ ਨੂੰ ਭੇਜੀ ਜਾ ਰਹੀ ਹੈ ਜਿਸ ਤਹਿਤ ਵਧੀਆ ਮੰਡੀਕਰਨ ਤੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫ਼ਸਲੀ ਵਿਭਿੰਨਤਾ ਵਾਲੀਆਂ ਫ਼ਸਲਾਂ ਬੀਜਣ ਵਾਲੇ ਕਿਸਾਨਾਂ ਲਈ ਆਤਮਾ ਸਕੀਮ ਤਹਿਤ ਕਿਸਾਨ ਹੱਟ ਖੋਲ੍ਹੀਆਂ ਜਾ ਰਹੀਆਂ ਹਨ ਜਿੱਥੇ ਕਿਸਾਨ ਆਪਣੀ ਉਪਜ ਸਿੱਧੇ ਤੌਰ ਤੇ ਖਪਤਕਾਰ ਨੂੰ ਵੇਚ ਕੇ ਲਾਭ ਲੈ ਸਕਦਾ ਹੈ। ਇਸੇ ਤਰ੍ਹਾਂ ਜੇ ਕੋਈ ਕਿਸਾਨ ਐਕਸਪੋਜਰ ਵਿਜਿਟ ਤੇ ਜਾਣਾ ਚਾਹੁੰਦਾ ਹੋਵੇ ਤਾਂ ਸਬੰਧਤ ਖੇਤੀਬਾੜੀ ਦਫ਼ਤਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਧਰਮਿੰਦਰਜੀਤ ਸਿੰਘ ਸਿੱਧੂ ਵੱਲੋਂ ਵਿਭਾਗ ਵੱਲੋਂ ਕੀਤੀ ਜਾ ਰਹੀ ਕਾਰਗੁਜ਼ਾਰੀ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਇਹ ਦੀ ਅਪੀਲ ਕੀਤੀ ਕਿ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਯੋਗ ਪ੍ਰਬੰਧਨ ਕਰਕੇ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਵਧੇਗੀ ਉੱਥੇ ਪ੍ਰਦੂਸ਼ਣ ਘਟਾਉਣ 'ਚ ਵੀ ਸਹਾਈ ਹੋਵੇਗਾ ਤੇ ਜ਼ਮੀਨ ਦੀ ਸਿਹਤ ਸੁਧਾਰ ਵਿੱਚ ਵਾਧਾ ਹੋਵੇਗਾ। ਖਾਦਾਂ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੀ ਤੋਂ ਪਰਖ ਪ੍ਰਯੋਗਸ਼ਾਲਾ ਸੰਗਰੂਰ ਵਿਚੋਂ ਮਿੱਟੀ ਟੈੱਸਟ ਕਰਾਉਣ ਉਪਰੰਤ ਹੀ ਰਿਪੋਰਟ ਦੇ ਅਧਾਰ ਤੇ ਜ਼ਰੂਰਤ ਅਨੁਸਾਰ ਖਾਦਾਂ ਦੀ ਵਰਤੋਂ ਕੀਤੀ ਜਾਵੇ ਤਾਂਕਿ ਵਾਧੂ ਖ਼ਰਚਿਆਂ ਤੋਂ ਬਚਿਆ ਜਾ ਸਕੇ। ਡਾ: ਅਮਰਜੀਤ ਸਿੰਘ ਖੇਤੀਬਾੜੀ ਅਫ਼ਸਰ ਸੰਗਰੂਰ ਵੱਲੋਂ ਮੰਚ ਦਾ ਸਫਲ ਸੰਚਾਲਨ ਕੀਤਾ ਅਤੇ ਨਾਲ ਹੀ ਨਾਲ ਉਨ੍ਹਾਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਕਿਸੇ ਦੀ ਖੇਤੀ ਇਨਪੁਟਸ ਜਿਵੇਂ ਬੀਜ, ਖਾਦ, ਕੀੜੇਮਾਰ ਦਵਾਈਆਂ ਦੀ ਖਰੀਦ ਸਮੇਂ ਵਿਕਰੇਤਾ ਪਾਸੋਂ ਪੱਕਾ ਬਿਲ ਜ਼ਰੂਰ ਲਿਆ ਜਾਵੇ ਤਾਂ ਕਿ ਬਾਦ ਵਿੱਚ ਕੋਈ ਮੁਸ਼ਕਲ ਨਾ ਆਏ। ਪਾਣੀ ਦੀ ਬੱਚਤ ਅਤੇ ਖੇਤੀ ਖਰਚ ਘਟਾਉਣ ਦੇ ਮੰਤਰ ਨਾਲ ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੀ ਲਵਾਈ ਅਤੇ ਬਿਜਾਈ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ ਅਨੁਸਾਰ ਕਰਨ ਲਈ ਪ੍ਰੇਰਿਤ ਕੀਤਾ।
ਤਕਨੀਕੀ ਸੈਸ਼ਨ ਦੌਰਾਨ ਪੀਏਯੂ ਤੇ ਖੇਤੀ ਵਿਭਾਗ ਦੇ ਮਾਹਿਰਾਂ ਵੱਲੋਂ ਭਰਪੂਰ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਵਿੱਚ ਕੇ ਵੀ ਕੇ ਤੋਂ ਡਾ. ਮਨਦੀਪ ਸਿੰਘ ਇੰਚਾਰਜ ਕੇ ਵੀ ਕੇ ਖੇੜੀ ਵੱਲੋਂ ਕੇ ਵੀ ਕੇ ਵੱਲੋਂ ਸਮੇਂ ਸਮੇਂ ਤੇ ਚਲਾਈਆਂ ਜਾਣ ਵਾਲੀਆਂ ਟ੍ਰੇਨਿੰਗਾਂ ਅਤੇ ਸੁਧਰੇ ਬੀਜਾਂ ਦੀਆਂ ਮਹੱਤਤਾ ਬਾਰੇ ਦੱਸਿਆ। ਡਾ:ਗੁਰਵੀਰ ਕੌਰ ਨੇ ਹਾੜੀ ਦੀਆਂ ਫ਼ਸਲਾਂ ਤੇ ਕੀੜੇ ਮਕੌੜਿਆਂ ਤੇ ਬਿਮਾਰੀਆਂ ਤੋਂ ਬਚਾਅ ਬਾਰੇ, ਡਾ: ਸੁਨੀਲ ਕੁਮਾਰ ਵੱਲੋਂ ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਅਤੇ ਸੁਚੱਜੀ ਵਰਤੋਂ ਅਤੇ ਡਾ. ਰੁਕਿੰਦਰਪ੍ਰੀਤ ਸਿੰਘ ਧਾਲੀਵਾਲ ਨੇ ਹਾੜੀ ਦੀਆਂ ਫ਼ਸਲਾਂ ਲਈ ਸੁਧਰੇ ਬੀਜਾਂ ਅਤੇ ਖੇਡ ਦੇ ਕਾਸ਼ਤਕਾਰੀ ਢੰਗਾਂ ਬਾਰੇ ਫਾਰਮ ਸਲਾਹਕਾਰ ਸੇਵਾ ਕੇਂਦਰ ਤੋਂ ਸਹਾਇਕ ਪ੍ਰੋਫੈਸਰ ਡਾ:ਅਸ਼ੋਕ ਕੁਮਾਰ ਨੇ ਮਿੱਟੀ/ਪਾਣੀ ਪਰਖ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੱਖ ਵੱਖ ਸਰਕਾਰੀ ਵਿਭਾਗਾਂ ਵੱਲੋਂ ਪ੍ਰਭਾਵਸ਼ਾਲੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਕੈਂਪ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਪ੍ਰਸ਼ਨਾਂ ਦੇ ਢੁਕਵੇਂ ਜਵਾਬ ਮਾਹਿਰਾਂ ਵੱਲੋਂ ਮੌਕੇ ਤੇ ਦਿੱਤੇ ਗਏ। ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਖੇਤੀ ਅਤੇ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਨਾਉਣ ਵਾਲੇ ਅਤੇ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਵਾਲੇ 120 ਕਿਸਾਨਾਂ/ਕਿਸਾਨ ਬੀਬੀਆਂ ਅਤੇ ਸੈੱਲਫ਼ ਹੈਲਪ ਗਰੁੱਪਾਂ ਨੂੰ ਸਨਮਾਨਿਤ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ