
ਤਰਨਤਾਰਨ, 22 ਦਸੰਬਰ (ਹਿੰ. ਸ.)। ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਵਿਦਿਆਰਥਣ ਅਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਾਣੋਚਾਹਲ ਕਲਾਂ ਦੀ ਹੋਣਹਾਰ ਖਿਡਾਰਣ ਪ੍ਰਨੀਤ ਕੌਰ ਨੇ ਖੇਡਾਂ ਦੇ ਖੇਤਰ ਵਿੱਚ ਵੱਡੀ ਮੱਲ ਮਾਰਦਿਆਂ ਰਾਸ਼ਟਰੀ ਪੱਧਰ `ਤੇ ਕਾਂਸੇ ਦਾ ਤਗਮਾ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪੁਨੀਤ ਕੌਰ, ਜੋ ਕਿ ਸਥਾਨਕ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਵਿਦਿਆਰਥਣ ਹੈ, ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਖੇ 16 ਤੋਂ 21 ਦਸੰਬਰ ਤੱਕ ਹੋਈਆਂ 69ਵੀਆਂ ਨੈਸ਼ਨਲ ਸਕੂਲ ਖੇਡਾਂ (ਅੰਡਰ-14, 17, ਅਤੇ 19) ਕੁਰਾਸ਼ ਖੇਡ ਵਿੱਚ ਹਿੱਸਾ ਲਿਆ। ਉਸ ਨੇ 36 ਕਿਲੋ ਭਾਰ ਵਰਗ ਵਿੱਚ ਕੁਰਾਸ਼ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ।
ਪ੍ਰਨੀਤ ਕੌਰ ਦੀ ਇਸ ਸਫਲਤਾ ਪਿੱਛੇ ਉਸ ਦੀ ਸਖ਼ਤ ਮਿਹਨਤ ਅਤੇ ਕੋਚ ਸ੍ਰੀਮਤੀ ਸੁਖਜੀਤ ਕੌਰ ਦੀ ਯੋਗ ਅਗਵਾਈ ਦਾ ਵੱਡਾ ਹੱਥ ਹੈ। ਕੋਚ ਵੱਲੋਂ ਦਿੱਤੀ ਗਈ ਸਿਖਲਾਈ ਸਦਕਾ ਪ੍ਰਨੀਤ ਨੇ ਮੈਦਾਨ ਵਿੱਚ ਬਿਹਤਰੀਨ ਤਕਨੀਕ, ਫੁਰਤੀ ਅਤੇ ਮਾਨਸਿਕ ਮਜ਼ਬੂਤੀ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਵਿਰੋਧੀਆਂ ਨੂੰ ਮਾਤ ਦਿੱਤੀ। ਪ੍ਰਨੀਤ ਕੌਰ ਨੇ ਇਸ ਸ਼ਾਨਦਾਰ ਜਿੱਤ ਨਾਲ ਨਾ ਸਿਰਫ਼ ਆਪਣੇ ਸਕੂਲ ਅਤੇ ਪਿੰਡ ਮਾਣੋਚਾਹਲ ਕਲਾਂ ਦਾ ਨਾਮ ਚਮਕਾਇਆ ਹੈ, ਸਗੋਂ ਪੂਰੇ ਤਰਨ ਤਾਰਨ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਉਸ ਦੀ ਇਸ ਪ੍ਰਾਪਤੀ `ਤੇ ਸਕੂਲ ਸਟਾਫ਼, ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ/ਐਲੀ ਸਤਿਨਾਮ ਸਿੰਘ ਬਾਠ ਨੇ ਪ੍ਰਨੀਤ ਕੌਰ ਨੂੰ ਇਸ ਮਾਣ ਮੱਤੀ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ