
ਪਟਿਆਲਾ, 22 ਦਸੰਬਰ (ਹਿੰ. ਸ.)। ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.) ਪਟਿਆਲਾ ਵਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ’ਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ’ਚ ਸ਼ਾਇਰ ਹਰੀਸ਼ ਹਰਫ਼ ਦੀ ਧਾਰਮਿਕ ਕਾਵਿ ਪੁਸਤਕ ‘ਕੱਚੀਆਂ ਗੜ੍ਹੀਆਂ ਪੱਕੀਆਂ ਨੀਂਹਾਂ’ ਲੋਕ ਅਰਪਣ ਕੀਤੀ ਗਈ। ਸਮਾਗਮ ਦਾ ਅਗਾਜ਼ ਕਰਦਿਆਂ ਮੰਚ ਦੇ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲਵੀ ਨੇ ਹਰੀਸ਼ ਹਰਫ਼ ਦੀ ਸਿਰਜਣ ਪ੍ਰਕਿਰਿਆ ਅਤੇ ਪੁਸਤਕ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਮੰਚ ਸੰਚਾਲਕ ਵੱਲੋਂ ਹੀ ਪੁਸਤਕ ਸੰਬੰਧੀ ਬਲਬੀਰ ਜਲਾਲਾਬਾਦੀ ਦਾ ਲਿਖਿਆ ਪੇਪਰ ਉਨਾਂ ਦੀ ਗੈਰ ਹਾਜ਼ਰੀ ਵਿੱਚ ਪੜ੍ਹਿਆ ਗਿਆ। ਮੁੱਖ ਮਹਿਮਾਨ ਵਜੋਂ ਬੋਲਦਿਆਂ ਉਘੇ ਸ਼ਾਇਰ ਤੇ ਗੀਤਕਾਰ ਧਰਮ ਸਿੰਘ ਕੰਮੇਆਣਾ ਨੇ ਕਿਹਾ ਕਿ ਕਵੀ ਨੇ ਆਪਣੀ ਪੁਸਤਕ ਵਿੱਚ ਧਰਮ ਨੂੰ ਇਤਿਹਾਸ ਅਤੇ ਸਮਾਜ ਦੇ ਸਰੋਕਾਰਾਂ ਨਾਲ ਜੋੜਨ ਦਾ ਯਤਨ ਕੀਤਾ ਹੈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਜੀ ਐੱਸ ਆਨੰਦ ਦਾ ਕਥਨ ਸੀ ਕਿ ਹਰੀਸ਼ ਦੀ ਕਵਿਤਾ ਸਿਰਫ਼ ਜਜ਼ਬਾਤ ਦੀ ਕਵਿਤਾ ਹੀ ਨਹੀਂ ਸਗੋਂ ਇਤਿਹਾਸ ਦੀਆਂ ਤੈਹਾਂ ਨੂੰ ਫਰੋਲਣ ਦਾ ਯਤਨ ਵੀ ਕਰਦੀ ਹੈ।
ਪੁਸਤਕ ਸੰਬੰਧੀ ਉਪਰੋਕਤ ਤੋਂ ਇਲਾਵਾ ਡਾ. ਸੰਤੋਖ ਸੁੱਖੀ, ਸੁਖਮਿੰਦਰ ਸੇਖੋਂ ਅਤੇ ਡਾ. ਗੁਰਮੀਤ ਕੱਲਰਮਾਜਰੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਨਾਰੀਕੇ ਨੇ ਲੇਖਕਾਂ ਨੂੰ ਧਰਮ ਅਤੇ ਜਾਤ ਤੋਂ ਉੱਪਰ ਉੱਠ ਕੇ ਲਿਖਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਪੰਜਾਬੀ ਸਾਹਿਤ ਸਭਾ ਪਾਤੜਾਂ ਵੱਲੋਂ ਛਾਪਿਆ ਪੰਜਾਬੀ ਮੈਗਜ਼ੀਨ ‘ਸਾਹਿਤਿਕ ਕਰੂੰਬਲ਼ਾਂ ‘ਦਾ ਪਲੇਠਾ ਅੰਕ ਵੀ ਲੋਕ ਅਰਪਣ ਕੀਤਾ ਗਿਆ। ਹਰੀਸ਼ ਹਰਫ਼ ਤੋਂ ਇਲਾਵਾ ਪੁਸਤਕ ‘ਕੱਚੀਆਂ ਗੜ੍ਹੀਆਂ ਪੱਕੀਆਂ ਨੀਂਹਾਂ’ ਵਿੱਚੋਂ ਉੱਘੇ ਗਾਇਕ ਸੋਨੂੰ ਵਿਰਕ ਅਤੇ ਲੱਕੀ ਸਿੰਘ ਵੱਲੋਂ ਵੀ ਤਰੰਨਮ ਵਿੱਚ ਗੀਤ ਪੇਸ਼ ਕੀਤੇ ਗਏ। ਵੱਖੋ ਵੱਖਰੇ ਗਾਇਕਾਂ ਵੱਲੋ ਰਿਕਾਰਡ ਕੀਤੇ ਗਏ ਹਰੀਸ਼ ਦੇ ਗੀਤਾਂ ਦਾ ਇੱਕ ਪੋਸਟਰ ਵੀ ਰਲੀਜ਼ ਕੀਤਾ ਗਿਆ।
ਕਵਿਤਾ ਦੇ ਸੈਸ਼ਨ ’ਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ, ਅਵਤਾਰਜੀਤ, ਗੁਰਦਰਸ਼ਨ ਗੁਸੀਲ, ਤੇਜਿੰਦਰ ਅਨਜਾਨਾ, ਮੰਗਤ ਖਾਨ, ਕੁਲਦੀਪ ਕੌਰ ਧੰਜੂ, ਬਲਬੀਰ ਸਿੰਘ ਦਿਲਦਾਰ, ਕ੍ਰਿਸ਼ਨ ਧੀਮਾਨ, ਜਸਵਿੰਦਰ ਕੌਰ, ਸੁਖਵਿੰਦਰ ਕੌਰ ਸੁੱਖ, ਗੁਰਪ੍ਰੀਤ ਢਿੱਲੋਂ, ਜੱਗਾ ਰੰਗੂਵਾਲ, ਧੰਨਾ ਸਿੰਘ ਖਰੌੜ, ਤਰਸੇਮ ਖਾਸਪੁਰੀ, ਜਤਿਨ ਬੱਤਰਾ, ਗੁਰਨਾਮ ਸਿੰਘ ਜੱਜ, ਗੁਰਚਰਨ ਸਿੰਘ ਧੰਜੂ ਤੇ ਰਾਜੇਸ਼ਵਰ ਕੁਮਾਰ ਨੇ ਰਚਨਾਵਾਂ ਪੇਸ਼ ਕੀਤੀਆਂ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ