
ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 22 ਦਸੰਬਰ (ਹਿੰ. ਸ.)। ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.), ਢਕੌਲੀ ਵਿਖੇ ਰੋਗੀ ਕਲਿਆਣ ਸਮਿਤੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ ਅਤੇ ਇੱਥੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਲੋੜੀਂਦੇ ਕਦਮਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿੱਚ ਐੱਸ.ਡੀ.ਐੱਮ. ਡੇਰਾਬੱਸੀ ਅਮਿਤ ਗੁਪਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗਗਨਦੀਪ ਸਿੰਘ ਸ਼ੇਰਗਿੱਲ ਸਮੇਤ ਹੋਰ ਸੰਬੰਧਿਤ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੌਰਾਨ ਵਿਧਾਇਕ ਨੇ ਦੱਸਿਆ ਕਿ ਸੀ.ਐਚ.ਸੀ. ਢਕੌਲੀ ਦੀ ਮੌਜੂਦਾ 30 ਬਿਸਤਰਿਆਂ ਦੀ ਸਮਰੱਥਾ ਨੂੰ ਵਧਾ ਕੇ 50 ਕਰਨ ਦਾ ਪ੍ਰਸਤਾਵ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਬਿਸਤਰਿਆਂ ਦੀ ਗਿਣਤੀ ਵਧਾਉਣ ਨਾਲ ਮਾਹਿਰ ਡਾਕਟਰਾਂ ਅਤੇ ਹੋਰ ਸਟਾਫ ਦੀ ਤਾਇਨਾਤੀ ਦੇ ਰਾਹ ਖੁੱਲ੍ਹਣਗੇ, ਜਿਸ ਨਾਲ ਲੋਕਾਂ ਨੂੰ ਹੋਰ ਬਿਹਤਰ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਮਿਲ ਸਕਣਗੀਆਂ।
ਰੰਧਾਵਾ ਨੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਭਰੋਸਾ ਦਿਵਾਇਆ ਕਿ ਸਥਾਨਕ ਨਗਰ ਕੌਂਸਲ ਨਾਲ ਸੰਬੰਧਿਤ ਮਸਲੇ, ਜਿਵੇਂ ਕਿ ਸੀਵਰੇਜ ਜਾਮ, ਪਾਰਕਿੰਗ ਦੀ ਸਮੱਸਿਆ, ਸਫ਼ਾਈ ਅਤੇ ਇਮਾਰਤ ਦੀ ਮੁਰੰਮਤ ਆਦਿ ਨੂੰ ਤਰਜੀਹੀ ਅਧਾਰ ’ਤੇ ਹੱਲ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਨਿੱਜੀ ਹਸਪਤਾਲਾਂ ਦੇ ਬਾਰਬਰ ਮਿਆਰੀ ਅਤੇ ਸਸਤੀਆਂ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਤਾਂ ਜੋ ਆਮ ਲੋਕਾਂ ਨੂੰ ਆਪਣੇ ਨੇੜੇ ਹੀ ਉੱਚ ਪੱਧਰੀ ਇਲਾਜ ਮਿਲ ਸਕੇ।
ਵਿਧਾਇਕ ਨੇ ਜ਼ੋਰ ਦਿੱਤਾ ਕਿ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਅਤੇ ਨਿਰੰਤਰ ਨਿਗਰਾਨੀ ਰਾਹੀਂ ਹੀ ਜਨਤਕ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਲੋਕਾਂ ਤੱਕ ਬਿਹਤਰ ਸੇਵਾਵਾਂ ਪਹੁੰਚਾਈਆਂ ਜਾ ਸਕਦੀਆਂ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ