
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਦਸੰਬਰ (ਹਿੰ. ਸ.)। ਲਾਇਨਜ ਕਲੱਬ ਪੰਚਕੂਲਾ ਪ੍ਰੀਮੀਅਮ ਦੀ ਤਰਫੋਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਮੋਹਾਲੀ ਵਿਖੇ 400 ਦੇ ਕਰੀਬ ਸਕੂਲੀ ਬੱਚਿਆਂ ਨੂੰ ਜਰਸੀਆਂ ਅਤੇ ਬੂਟ ਵੰਡੇ ਗਏ। ਇਸ ਮੌਕੇ ਤੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲਾਇਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੀ ਤਰਫੋਂ ਇਸ ਤੋਂ ਪਹਿਲਾਂ ਵੀ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ ਅਤੇ ਅੱਜ ਵੀ 400 ਦੇ ਕਰੀਬ ਵਿਦਿਆਰਥੀਆਂ ਨੂੰ ਸਰਦੀ ਤੋਂ ਬਚਾਉਣ ਲਈ ਜਰਸੀਆਂ ਅਤੇ ਬੂਟ ਵੰਡੇ ਗਏ ਹਨ,ਜੋ ਕਿ ਇੱਕ ਵਧੀਆ ਉਪਰਾਲਾ ਹੈ।
ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੀ ਇਸ ਕੋਸ਼ਿਸ਼ ਦੇ ਨਾਲ ਹੋਰਨਾਂ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਅਤੇ ਇਸ ਤਰ੍ਹਾਂ ਹੋਰਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਦੀ ਦੀ ਰੁੱਤ ਤੋਂ ਰਾਹਤ ਦੇਣ ਦੇ ਲਈ ਗਰਮ ਕੱਪੜੇ ਵੰਡੇ ਜਾਣਗੇ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਕੱਲੀ ਸਰਕਾਰ ਕਦੀ ਵੀ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਸੂਬੇ ਦੇ ਲੋਕੀ ਅਤੇ ਸਮਾਜ ਸੇਵੀ ਜਥੇਬੰਦੀਆਂ ਅਗਾਂਹ ਹੋ ਕੇ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀਆਂ ਅਤੇ ਜਦੋਂ ਇਹ ਤਿੰਨੇ ਧਿਰਾਂ ਇਕੱਠੇ ਹੋ ਜਾਂਦੀਆਂ ਹਨ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੰਮ ਅਧੂਰਾ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਇਹ ਸਭਨਾਂ ਨੂੰ ਅਪੀਲ ਹੈ ਕਿ ਸਾਰੇ ਮਿਲ ਕੇ ਸਮਾਜਿਕ ਚੌਗਿਰਦੇ ਨੂੰ ਵਧੀਆ ਬਣਾਉਣ ਦੇ ਲਈ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਲਈ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਕਲੱਬ ਦੀ ਤਰਫੋਂ ਆਉਣ ਵਾਲੇ ਦਿਨਾਂ ਵਿੱਚ ਨਾਲ ਲੱਗਦੇ ਹੋਰ ਕਈ ਸਕੂਲਾਂ ਦੇ ਵਿੱਚ ਵੀ ਸਮਾਜ ਸੇਵਾ ਦਾ ਇਹ ਕਾਰਜ ਜਾਰੀ ਰੱਖਿਆ ਜਾਵੇਗਾ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਲੋਕੀ ਆਪ ਮੁਹਾਰੇ ਹੋ ਕੇ ਆਪੋ ਆਪਣੀ ਜ਼ਿੰਮੇਵਾਰੀ ਲੈਣ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਦੇ ਲਈ ਵੀ ਪ੍ਰੇਰਣਾ ਸਰੋਤ ਬਣਨ ਤਾਂ ਹੀ ਇਹ ਸਮਾਜ ਦਾ ਸਹੀ ਮਾਅਨਿਆਂ ਦੇ ਵਿੱਚ ਭਲਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉਤਾਂਹ ਚੁੱਕਣ ਦੇ ਲਈ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਲੋੜੀਂਦੇ ਇਨਫਰਾਸਟਰਕਚਰਸ ਨੂੰ ਪੂਰਾ ਕੀਤਾ ਗਿਆ ਹੈ। ਉਥੇ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਸੰਬੰਧਿਤ ਸਟਾਫ ਦੀ ਵੀ ਭਰਤੀ ਵੱਡੇ ਪੱਧਰ ਤੇ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੈਂ ਕਲੱਬ ਦੀ ਸਮੁੱਚੀ ਟੀਮ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਜਰਸੀਆਂ ਅਤੇ ਬੂਟ ਤਕਸੀਮ ਕੀਤੇ ਹਨ।
---------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ