
ਪਟਿਆਲਾ, 22 ਦਸੰਬਰ (ਹਿੰ. ਸ.)। ਪਿਛਲੇ ਤਿੰਨ ਮਹੀਨਿਆਂ ਤੋਂ ਪਟਿਆਲਾ ਸ਼ਹਿਰ ਵਿੱਚ ਪਲਾਸਟਿਕ ਦੇ ਲਿਫ਼ਾਫੇ ਚੁੱਕ ਕੇ ਸੜਕਾਂ ਤੇ ਹੋਰ ਆਲੇ ਦੁਆਲੇ ਨੂੰ ਸਾਫ਼-ਸੁਥਰਾ ਕਰਨ ਲਈ ਲੱਗੇ ਪਟਿਆਲਵੀਆਂ ਦੀ 'ਮੇਰਾ ਪਟਿਆਲਾ ਮੈਂ ਹੀ ਸਵਾਰਾਂ' ਮੁਹਿੰਮ ਦੇ ਵਾਰੀਅਰਜ਼ ਨੇ ਇੱਥੇ ਨਾਭਾ ਰੋਡ 'ਤੇ ਭਾਖੜਾ ਨਹਿਰ ਨੇੜੇ ਲੋਕਾਂ ਵੱਲੋਂ ਜਾਣੇ-ਅਣਜਾਣੇ ਵਿੱਚ ਖਿਲਾਰੀ ਗਈ ਗੰਦਗੀ ਨੂੰ ਸਾਫ਼ ਕੀਤਾ।
ਇਸ ਦੌਰਾਨ ਵਾਰੀਅਰਜ਼ ਨੇ ਇੱਥੇ ਲੋਕਾਂ ਵੱਲੋਂ ਪੀਣ ਵਾਲੇ ਪਾਣੀ ਵਿੱਚ ਧਾਰਮਿਕ ਸਮੱਗਰੀ ਦੇ ਨਾਮ ਉਤੇ ਸੁੱਟੇ ਜਾਂਦੇ ਪਲਾਸਟਿਕ ਦੇ ਲਿਫ਼ਾਫਿਆਂ ਤੇ ਹੋਰ ਗੰਦਗੀ ਨਾ ਸੁੱਟਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਭਾਖੜਾ ਦਾ ਪਾਣੀ ਸਾਡੇ ਪੀਣ ਲਈ ਵਰਤਿਆ ਜਾਂਦਾ ਹੈ, ਇਸ ਲਈ ਇਸ ਨੂੰ ਗੰਧਲਾ ਨਾ ਕੀਤਾ ਜਾਵੇ। ਇਸ ਮੌਕੇ ਟੀਮ ਨੇ ਕਰੀਬ 1000 ਕਿੱਲੋ ਕੂੜਾ ਕਰਕਟ ਤੇ ਹੋਰ ਧਾਰਮਿਕ ਸਮੱਗਰੀ ਇਕੱਠੀ ਕੀਤੀ, ਜਿਸ ਨੂੰ ਕਿ ਨਗਰ ਨਿਗਮ ਦੀ ਟੀਮ ਨੇ ਚੁੱਕ ਕੇ ਡੰਪ 'ਤੇ ਪਹੁੰਚਾਇਆ।
ਇਸ ਦੌਰਾਨ ਐਚ.ਪੀ.ਐਸ ਲਾਂਬਾ, ਕਰਨਲ ਜੇ.ਵੀ. ਤੇ ਕਰਨਲ ਕਰਮਿੰਦਰ ਸਿੰਘ ਸਮੇਤ 20 ਦੇ ਕਰੀਬ ਹੋਰ ਵਾਰੀਅਰਜ਼ ਨੇ ਦੱਸਿਆ ਕਿ ਉਨ੍ਹਾਂ ਨੇ 20 ਸਤੰਬਰ ਤੋਂ ਸ਼ੁਰੂ ਕੀਤੀ ਮੁਹਿੰਮ ਦੌਰਾਨ 35 ਡਰਾਇਵਾਂ ਚਲਾ ਕੇ ਹੁਣ ਤੱਕ 16500 ਕਿੱਲੋ ਕੂੜਾ ਤੇ ਪਲਾਸਟਿਕ ਇਕੱਠਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੁਹਿੰਮਾਂ ਦੇ ਨਾਲ-ਨਾਲ ਹੁਣ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲੱਗੇ ਹਨ ਕਿ ਘੱਟੋ-ਘੱਟ ਸਾਡੀ ਅਗਲੀ ਪੀੜ੍ਹੀ ਹੀ ਪਲਾਸਟਿਕ ਦਾ ਕੂੜਾ-ਕਚਰਾ ਤੇ ਰੈਪਰ ਆਦਿ ਲਿਫਾਫ਼ੇ ਸੜਕਾਂ ਕਿਨਾਰੇ ਨਾ ਸੁੱਟਣ ਤੇ ਸਫ਼ਾਈ ਪਸੰਦ ਬਣ ਜਾਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਹ ਚਾਹ, ਫਰੂਟ ਤੇ ਫੂਡ ਵੈਂਡਰਜ ਨੂੰ ਹੁਣ ਤੱਕ 50 ਡਸਟਬਿਨ ਦਾਨ ਕਰ ਚੁੱਕੇ ਹਨ, ਤਾਂ ਕਿ ਕੂੜਾ ਸੜਕਾਂ ਕਿਨਾਰੇ ਨਾ ਸੁੱਟਿਆ ਜਾਵੇ।
'ਮੇਰਾ ਪਟਿਆਲਾ ਮੈਂ ਹੀ ਸਵਾਰਾਂ' ਮੁਹਿੰਮ ਦੇ ਵਾਰੀਅਰਜ਼ ਨੇ ਨਹਿਰੀ ਪਾਣੀ ਵਿੱਚ ਵੱਖ-ਵੱਖ ਧਰਮਾਂ ਦੀ ਫਾਲਤੂ ਧਾਰਮਿਕ ਸਮੱਗਰੀ ਸੁੱਟਣ ਵਾਲਿਆਂ ਨੂੰ ਧਰਮ ਦੇ ਨਾਮ ਦਾ ਹੀ ਵਾਸਤਾ ਪਾਉਦਿਆਂ ਕਿਹਾ ਕਿ ਸਾਡੇ ਗੁਰੂਆਂ ਅਤੇ ਦੇਵਤਿਆਂ ਨੇ ਪਾਣੀ ਨੂੰ ਪਵਿੱਤਰ ਦੇ ਜੀਵਨ ਦੇਣ ਵਾਲੇ ਦੇਵਤੇ ਦਾ ਦਰਜਾ ਦਿੱਤਾ ਹੈ ਇਸ ਲਈ ਘੱਟੋ-ਘੱਟ ਪੀਣ ਵਾਲੇ ਇਸ ਨਹਿਰੀ ਪਾਣੀ ਨੂੰ ਤਾਂ ਗੰਧਲਾ ਕਰਨ ਤੋਂ ਬਚਾ ਲਿਆ ਜਾਵੇ।
ਉਨ੍ਹਾਂ ਦਾ ਕਹਿਣਾ ਸੀ ਕਿ ਕੱਲ੍ਹ ਨੂੰ ਪਟਿਆਲਾ ਸ਼ਹਿਰ ਵਿੱਚ ਵੀ ਇਸੇ ਨਹਿਰ ਦਾ ਪਾਣੀ ਸਾਡੇ ਪੀਣ ਲਈ ਸਪਲਾਈ ਹੋਣਾ ਹੈ, ਇਸ ਲਈ ਹੁਣ ਕੋਈ ਧਾਰਮਿਕ ਕਹਾਉਣ ਵਾਲਾ ਵਿਅਕਤੀ ਇਸ ਨਹਿਰ ਵਿੱਚ ਕੋਈ ਧਾਰਮਿਕ ਸਮੱਗਰੀ ਜਾਂ ਲਿਫਾਫੇ ਨਾ ਸੁੱਟੇ ਅਤੇ ਇਸ ਸਮੱਗਰੀ ਨੂੰ ਧਾਰਮਿਕ ਤਰੀਕੇ ਨਾਲ ਨਸ਼ਟ ਕਰਨ ਲਈ ਕੋਈ ਦੂਸਰਾ ਹੱਲ ਕੱਢ ਲਿਆ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ