
ਫਤਹਿਗੜ੍ਹ ਸਾਹਿਬ, 23 ਦਸੰਬਰ (ਹਿੰ. ਸ.)। ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋ਼ਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੌਰਾਨ ਨਤਮਸਤਕ ਹੋਣ ਲਈ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਲਈ ਹਰ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਦਿਸ਼ਾ ਨਿਰਦੇਸ਼ ਦਿੱਤੇ। ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਬੰਧਾਂ ਪੱਖੋਂ ਕਿਸੇ ਪ੍ਰਕਾਰ ਦੀ ਢਿਲਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਸਾਫ਼ ਸਫਾਈ ਲਈ ਕੀਤੇ ਜਾ ਰਹੇ ਪ੍ਰਬੰਧਾਂ, ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 25 ਅਤੇ 26 ਦਸੰਬਰ ਨੂੰ ਲੱਗਣ ਵਾਲੇ ਵਿਸ਼ਾਲ ਖੂਨਦਾਨ ਕੈਂਪ ਦੀਆਂ ਤਿਆਰੀਆਂ, ਸਰਕਾਰੀ ਵਿਭਾਗਾਂ 'ਤੇ ਅਧਾਰਿਤ ਪ੍ਰਦਰਸ਼ਨੀਆਂ, ਜਿ਼ਲ੍ਹੇ ਭਰ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਚਲਾਈਆਂ ਜਾਣ ਵਾਲੀਆਂ ਸ਼ਟਲ ਬੱਸਾਂ, ਫਤਹਿਗੜ੍ਹ ਸਾਹਿਬ ਦੇ ਅੰਦਰੂਨੀ ਹਿੱਸਿਆਂ ਵਿੱਚ ਸੰਗਤਾਂ ਲਈ ਚੱਲਣ ਵਾਲੇ ਮੁਫ਼ਤ ਈ ਰਿਕਸਿ਼ਆਂ ਦੇ ਪ੍ਰਬੰਧਾਂ, ਸੰਗਤਾਂ ਦੇ ਠਹਿਰਣ ਲਈ ਬਣਾਏ 5 ਰੈਣ ਬਸੇਰਿਆਂ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ, ਪਖਾਨਿਆਂ ਦੀ ਨਿਯਮਤ ਸਾਫ਼ ਸਫਾਈ, ਪੀਣ ਲਈ ਸਾਫ਼ ਪਾਣੀ ਦੀ ਉਪਲਬਧਤਾ, ਮੈਡੀਕਲ ਸੁਵਿਧਾਵਾਂ ਲਈ 20 ਆਰਜ਼ੀ ਆਮ ਆਦਮੀ ਕਲੀਨਿਕਾਂ ਤੇ 7 ਡਿਸਪੈਂਸਰੀਆਂ ਦੀ ਸਥਾਪਨਾ, ਸੂਚਨਾ ਕੇਂਦਰਾਂ ਦੀ ਸਥਾਪਨਾ, ਨਿਰਵਿਘਨ ਬਿਜਲੀ ਸਪਲਾਈ, ਰੌਸ਼ਨੀ, ਯਾਦਗਾਰੀ ਗੇਟਾਂ 'ਤੇ ਰੰਗ ਰੋਗਨ, ਲਿੰਕ ਸੜਕਾਂ ਦੀ ਮੁਰੰਮਤ ਤੇ ਪੈਚ ਵਰਕ ਆਦਿ ਵੱਖ ਵੱਖ ਕੰਮਾਂ ਬਾਰੇ ਜਾਇਜ਼ਾ ਲਿਆ।ਉਨ੍ਹਾਂ ਨੇ ਆਮ ਖਾਸ ਬਾਗ ਵਿਖੇ 25 ਤੇ 26 ਦਸੰਬਰ ਦੀ ਸ਼ਾਮ ਨੂੰ ਆਯੋਜਿਤ ਹੋਣ ਵਾਲੇ ਇਤਿਹਾਸਕ ਨਾਟਕ ਦੇ ਪ੍ਰਬੰਧਾਂ ਨੂੰ ਵੀ ਸਮੇਂ ਸਿਰ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਪੁਲਿਸ ਵੱਲੋਂ ਸੁਖਾਵੀਂ ਆਵਾਜਾਈ, ਪਾਰਕਿੰਗ ਲਈ ਪਛਾਣੇ ਗਏ 23 ਸਥਾਨਾਂ, ਸੁਰੱਖਿਆ ਪ੍ਰਬੰਧਾਂ, ਸੀ ਸੀ ਟੀ ਵੀ ਕੈਮਰਿਆਂ, ਨਾਕਾਬੰਦੀ ਆਦਿ ਲਈ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਸਮੂਹ ਨੋਡਲ ਅਫਸਰਾਂ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੁੱਚੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਨਿਯਮਤ ਨਿਗਰਾਨੀ ਰੱਖੀ ਜਾਵੇ ਅਤੇ ਇਸ ਸਬੰਧੀ ਆਪਸ ਵਿੱਚ ਤਾਲਮੇਲ ਰੱਖਕੇ ਸ਼ਹੀਦੀ ਸਭਾ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਨੂੰ ਹਰ ਪੱਖੋਂ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ