
ਥਾਂਦੇਵਾਲਾ (ਸ੍ਰੀ ਮੁਕਤਸਰ ਸਾਹਿਬ), 23 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਪਿੰਡ ਥਾਂਦੇਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਨਵੇਂ ਤਿਆਰ ਹੋਏ ਬਹੁਮੰਤਵੀ ਪਾਰਕਿੰਗ ਸ਼ੈੱਡ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਜਗਦੀਪ ਸਿੰਘ ਕਾਕਾ ਬਰਾੜ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਇਹ ਸ਼ੈੱਡ ਕਰੀਬ 5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਜੋ ਕਿ ਸਕੂਲ ਦੀ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਵਿੱਚ ਇਕ ਮਹੱਤਵਪੂਰਨ ਵਾਧਾ ਹੈ। ਨਵੇਂ ਤਿਆਰ ਕੀਤੇ ਗਏ ਇਸ ਸ਼ੈੱਡ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ (ਮਾਰਨਿੰਗ ਅਸੈਂਬਲੀ) ਦੌਰਾਨ ਧੁੱਪ, ਮੀਂਹ ਅਤੇ ਠੰਢ ਵਰਗੀਆਂ ਮੌਸਮੀ ਸਮੱਸਿਆਵਾਂ ਤੋਂ ਬਚਾਅ ਹੋਵੇਗਾ। ਇਸ ਨਾਲ ਬੱਚੇ ਹੁਣ ਇੱਕ ਸੁਚੱਜੇ, ਸੁਰੱਖਿਅਤ ਅਤੇ ਅਨੁਸ਼ਾਸਿਤ ਮਾਹੌਲ ਵਿੱਚ ਸਭਾ ਵਿੱਚ ਭਾਗ ਲੈ ਸਕਣਗੇ, ਜੋ ਉਨ੍ਹਾਂ ਦੀ ਸਿਹਤ ਅਤੇ ਮਨੋਵਿਗਿਆਨਕ ਵਿਕਾਸ ਲਈ ਵੀ ਲਾਭਦਾਇਕ ਸਾਬਤ ਹੋਵੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਦੇ ਸਮਾਨ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਕਿਹਾ ਕਿ ਇਹ ਬਹੁਮੰਤਵੀ ਸ਼ੈੱਡ ਸਿਰਫ ਪਾਰਕਿੰਗ ਲਈ ਹੀ ਨਹੀਂ, ਸਗੋਂ ਸਕੂਲ ਦੀਆਂ ਹੋਰ ਕਈ ਸਰਗਰਮੀਆਂ ਲਈ ਵੀ ਵਰਤਿਆ ਜਾਵੇਗਾ। ਇੱਥੇ ਸਾਂਸਕ੍ਰਿਤਿਕ ਸਮਾਗਮ, ਰਾਸ਼ਟਰੀ ਤਿਉਹਾਰਾਂ ਦੇ ਪ੍ਰੋਗਰਾਮ, ਖੇਡ ਮੁਕਾਬਲੇ, ਮਾਪੇ-ਅਧਿਆਪਕ ਮੀਟਿੰਗਾਂ, ਜਾਗਰੂਕਤਾ ਕੈਂਪ ਅਤੇ ਵੱਖ-ਵੱਖ ਸਿੱਖਿਅਕ ਗਤੀਵਿਧੀਆਂ ਆਸਾਨੀ ਨਾਲ ਕਰਵਾਈਆਂ ਜਾ ਸਕਣਗੀਆਂ।
ਉਨ੍ਹਾਂ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਕੂਲਾਂ ਵਿੱਚ ਨਵੀਆਂ ਇਮਾਰਤਾਂ, ਕਲਾਸਰੂਮ, ਲੈਬੋਰੇਟਰੀਆਂ, ਖੇਡ ਸਹੂਲਤਾਂ ਅਤੇ ਹੋਰ ਆਧੁਨਿਕ ਢਾਂਚੇ ਤਿਆਰ ਕੀਤੇ ਜਾ ਰਹੇ ਹਨ, ਜਿਸ ਦਾ ਸਿੱਧਾ ਲਾਭ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਹਰਵਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੇਂ ਬਣੇ ਬਹੁਮੰਤਵੀ ਸ਼ੈੱਡ ਨਾਲ ਸਕੂਲ ਦੀ ਕਾਰਗੁਜ਼ਾਰੀ ਹੋਰ ਸੁਚੱਜੀ ਹੋਵੇਗੀ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਵਧੀਆ ਮਾਹੌਲ ਮਿਲੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ