
ਮਾਲੇਰਕੋਟਲਾ, 3 ਦਸੰਬਰ (ਹਿੰ. ਸ.)। ਹਥਿਆਰਬੰਦ ਸੈਨਾ ਝੰਡਾ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 7 ਦਸਬੰਰ ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਕਿਹਾ ਕਿ ਹਥਿਆਰਬੰਦ ਸੈਨਾਂ ਝੰਡਾਂ ਦਿਵਸ ਸਾਨੂੰ ਸਭ ਨੂੰ ਆਪਣੇ ਬਹਾਦਰ ਸੈਨਿਕਾਂ ਅਤੇ ਉਨਾਂ ਦੇ ਪਰਿਵਾਰਾਂ ਦੇ ਪ੍ਰਤੀ ਸਤਿਕਾਰ ਪ੍ਰਗਟ ਕਰਨ ਦਾ ਇੱਕ ਸੁਨਿਹਰਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਦੇ ਸਦਕੇ ਹੀ ਅਸੀਂ ਅਜ਼ਾਦੀ ਦਾ ਆਨੰਦ ਮਾਣ ਰਹੇਂ ਹਾਂ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਵਿਭਾਗਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੰਡੇ ਦੇ ਸਨਮਾਨ ਵਿਚ ਵਿੱਤੀ ਅੰਸ਼ਦਾਨ ਇਕੱਠਾ ਕੀਤਾ ਜਾਂਦਾ ਹੈ। ਇਕੱਤਰ ਹੋਈ ਰਾਸ਼ੀ ਕੇਂਦਰ ਅਤੇ ਰਾਜਾਂ ਦੇ ਸੈਨਿਕ ਬੋਰਡ ਵੱਲੋਂ ਲਾਗੂ ਕੀਤੀਆਂ ਕਈ ਪ੍ਰਕਾਰ ਦੀਆਂ ਭਲਾਈ ਸਕੀਮਾਂ ਵਿਚ ਵਰਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦਾਨ ਰਾਸ਼ੀ ਵਿੱਚੋਂ ਵਿਧਵਾਵਾਂ, ਅਪੰਗ ਸੈਨਿਕਾਂ, ਸਾਬਕਾ ਸੈਨਿਕਾਂ, ਉਨ੍ਹਾਂ ਦੇ ਆਸ਼ਰਿਤਾਂ ਅਤੇ ਸੇਵਾ ਕਰ ਰਹੇ ਸੈਨਿਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਮੁਖਿਆ ਨੂੰ ਅਪੀਲ ਕੀਤੀ ਕਿ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਕਾਰਜ਼ ਲਈ ਅੱਗੇ ਆ ਕੇ ਵੱਧ ਤੋਂ ਵੱਧ ਰਾਸ਼ੀ ਇਕੱਤਰ ਕਰਕੇ ਇਸ ਨੇਕ ਕਾਰਜ਼ ਵਿੱਚ ਯੋਗਦਾਨ ਪਾਇਆ ਜਾਵੇ। ਉਨ੍ਹਾਂ ਜ਼ਿਲ੍ਹੇ ਦੀਆਂ ਸਾਰੀਆਂ ਉਘੀਆਂ ਸ਼ਖਸੀਅਤਾ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਵੱਲੋਂ ਵਿੱਤੀ ਯੋਗਦਾਨ ਪਾਉਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ