
ਫਰੀਦਕੋਟ 3 ਦਸੰਬਰ (ਹਿੰ. ਸ.)। ਰਾਜ ਚੋਣ ਕਮਿਸ਼ਨ ਵੱਲੋਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 2025 ਲਈ ਫਰੀਦਕੋਟ ਜਿਲ੍ਹੇ ਦੇ ਨਿਯੁਕਤ ਓਬਜਰਵਰ ਮਨਜੀਤ ਸਿੰਘ ਬਰਾੜ ਕਮਿਸ਼ਨਰ ਫਰੀਦਕੋਟ ਮੰਡਲ ਵੱਲੋਂ ਜਿਲ੍ਹੇ ਵਿੱਚ ਇਨ੍ਹਾਂ ਚੋਣਾਂ ਸਬੰਧੀ ਕੀਤੇ ਗਏ ਪ੍ਰਬੰਧਾਂ ਸਬੰਧੀ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਸਮੇਤ ਚੋਣਾਂ ਨਾਲ ਸਬੰਧੀ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਮਨਜੀਤ ਸਿੰਘ ਬਰਾੜ ਕਮਿਸ਼ਨਰ ਫਰੀਦਕੋਟ ਮੰਡਲ ਨੇ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਿਲ੍ਹੇ ਵਿੱਚ 14 ਦਸੰਬਰ ਨੂੰ ਹੋਣ ਵਾਲੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਪੂਰੀ ਪਾਰਦਰਸ਼ੀ, ਨਿਰਪੱਖ ਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਈਆਂ ਜਾਣ ਅਤੇ ਕਿਸੇ ਧਿਰ ਨੂੰ ਵੀ ਇਸ ਸਬੰਧੀ ਦਿੱਕਤ ਨਹੀਂ ਆਉਂਣੀ ਚਾਹੀਦੀ। ਉਨ੍ਹਾਂ ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਅਤੇ ਸਮੂਹ ਆਰ.ਓ ਤੋਂ ਇਨ੍ਹਾਂ ਚੋਣਾਂ ਸਬੰਧੀ ਨਾਮਜ਼ਦਗੀ, ਪੋਲਿੰਗ ਪਾਰਟੀਆਂ, ਪੋਲਿੰਗ ਬੂਥਾਂ, ਸੁਰੱਖਿਆ ਸਮੇਤ ਸਾਰੇ ਪੱਖਾਂ ਦਾ ਜਾਇਜ਼ਾ ਲਿਆ ਤੇ 17 ਦਸੰਬਰ ਨੂੰ ਇਨ੍ਹਾਂ ਵੋਟਾਂ ਦੀ ਗਿਣਤੀ, ਗਿਣਤੀ ਕੇਂਦਰਾਂ ਆਦਿ ਸਬੰਧੀ ਵੀ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ ਤੇ ਕਿਹਾ ਕਿ ਸਮੂਹ ਅਧਿਕਾਰੀ ਰਾਜ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ, ਸ਼ਾਂਤੀਪੂਰਵਕ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਜਵਾਬਦੇਹ ਹੋਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਓਬਜਰਵਰ ਕਮ ਕਮਿਸ਼ਨਰ ਫਰੀਦਕੋਟ ਮੰਡਲ ਜੀ ਨੂੰ ਦੱਸਿਆ ਕਿ ਫਰੀਦਕੋਟ ਜਿਲ੍ਹੇ ਵਿੱਚ ਜਿਲ੍ਹਾ ਪ੍ਰੀਸ਼ਦ ਲਈ ਕੁੱਲ 10 ਜੋਨ ਹਨ ਜਦੋਂ ਕਿ 3 ਬਲਾਕ ਸਮੰਤੀ ਲਈ ਕੁੱਲ 65 ਜੋਨ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਸੰਮਤੀ ਫਰੀਦਕੋਟ ਦੇ 21, ਪੰਚਾਇਤ ਸੰਮਤੀ ਕੋਟਕਪੂਰਾ ਦੇ 19 ਅਤੇ ਪੰਚਾਇਤ ਸੰਮਤੀ ਜੈਤੋ ਦੇ 25 ਜੋਨ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 04 ਦਸੰਬਰ 2025 (ਵੀਰਵਾਰ) ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 05 ਦਸੰਬਰ 2025 (ਸ਼ੁੱਕਰਵਾਰ) ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖ਼ਰੀ ਮਿਤੀ 06 ਦਸੰਬਰ 2025 (ਸ਼ਨੀਵਾਰ) ਸ਼ਾਮ 03:00 ਵਜੇ ਤੱਕ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਆਰ.ਓ ਨੂੰ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਚੋਣਾਂ ਨੂੰ ਨਿਰਪੱਖ, ਸ਼ਾਂਤੀਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਪੋਲਿੰਗ ਲਈ ਸੁਰੱਖਿਆ ਸਟਾਫ ਸਮੇਤ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਗਿਣਤੀ ਕੇਂਦਰਾਂ ਲਈ ਵੀ ਸਾਰੇ ਇੰਤਜਾਮ ਮੁਕੰਮਲ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ