
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਦਸੰਬਰ (ਹਿੰ. ਸ.)। ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਦੇ ਮੌਕੇ ਤੇ ਸਾਡੀਆਂ ਸੈਨਾਵਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ, ਅੱਜ ਝੰਡਾ ਦਿਵਸ ਫੰਡ ਇਕੱਠਾ ਕਰਨ ਦੀ ਰਸਮੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਟੋਕਨ ਫਲੈਗ ਲਾ ਕੇ ਕੀਤੀ ਗਈ।
ਉਨ੍ਹਾਂ ਇਸ ਮੌਕੇ ਆਖਿਆ ਕਿ ਇਹ ਦਿਨ ਵੱਖ-ਵੱਖ ਲੜਾਈਆਂ/ਸੈਨਾ ਅਪ੍ਰੇਸ਼ਨਾਂ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਅਤੇ ਜ਼ਖਮੀ ਹੋਏ ਸਾਬਕਾ ਸੈਨਿਕਾਂ ਨਾਲ ਇੱਕ ਮੁੱਠਤਾ ਪ੍ਰਗਟ ਕਰਨ ਲਈ ਮਨਾਇਆ ਜਾਂਦਾ ਹੈ। ਇਸ ਮੌਕੇ ਲੋਕਾਂ ਵੱਲੋਂ ਇਹਨਾਂ ਸੈਨਿਕ ਪਰਿਵਾਰਾਂ ਅਤੇ ਸੈਨਾਵਾਂ ਦੀ ਬਹਾਦਰੀ ਦੇ ਸਤਿਕਾਰ ਵਜੋਂ ਦਿਲ ਖੋਲ੍ਹ ਕੇ ਦਾਨ ਦਿੱਤਾ ਜਾਂਦਾ ਹੈ ਤੇ ਇਕੱਤਰ ਹੋਈ ਰਾਸ਼ੀ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਰਤੀ ਜਾਂਦੀ ਹੈ।
ਉਨ੍ਹਾਂ। ਇਸ ਮਹਾਨ ਕਾਰਜ ਲਈ ਵੱਧ ਤੋਂ ਵੱਧ ਦਾਨ ਦੇਣ ਲਈ ਅਪੀਲ ਕਰਦੇ ਹੋਏ ਕਿਹਾ ਕਿ ਇਹ ਫੰਡ ਸ਼ਹੀਦਾਂ ਦੇ ਪਰਿਵਾਰਾਂ, ਸਰੀਰਕ ਤੌਰ ਤੇ ਅਸਮਰੱਥ ਹੋਏ ਸੈਨਿਕਾਂ ਦੀ ਭਲਾਈ ਵਰਗੇ ਨੇਕ ਕੰਮਾਂ ਲਈ ਵਰਤਿਆ ਜਾਂਦਾ ਹੈ। ਉਹਨਾਂ ਵਲੋਂ ਆਮ ਜਨਤਾ, ਖਾਸ ਕਰਕੇ ਉਦਯੋਗਿਕ ਅਦਾਰਿਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਫਲੈਗ ਡੇਅ ਫੰਡ ਲਈ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਕਿਹਾ ਗਿਆ।
ਝੰਡਾ ਦਿਵਸ ਫੰਡ ਇਕੱਠਾ ਕਰਨ ਦੀ ਡਿਪਟੀ ਕਮਿਸ਼ਨਰ ਪਾਸੋਂ ਰਸਮੀ ਸ਼ੁਰੂਆਤ ਕਰਨ ਬਾਅਦ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਬੈਠਦੇ ਹੋਰਨਾਂ ਅਧਿਕਾਰੀਆਂ ਜਿਵੇਂ ਕਿ ਨਾਨਕ ਸਿੰਘ, ਡੀ.ਆਈ.ਜੀ, ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਸੋਨਮ ਚੋਧਰੀ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਹਰਮਿੰਦਰ ਸਿੰਘ ਹੁੰਦਲ, ਜ਼ਿਲ੍ਹਾ ਮਾਲ ਅਫਸਰ ਆਦਿ ਨੂੰ ਟੋਕਨ ਫਲੈਗ ਲਗਾ ਕੇ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਫਲੈਗ ਡੇਅ ਫੰਡ ਲਈ ਦਿਲ ਖੋਲ ਕੇ ਦਾਨ ਦਿੱਤਾ ਗਿਆ।
ਇਸ ਮੌਕੇ ਗਰੁੱਪ ਕੈਪਟਨ ਦਵਿੰਦਰ ਸਿੰਘ ਢਿਲੋਂ (ਰਿਟਾ.) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਐਸ.ਏ.ਐਸ.ਨਗਰ ਦੀ ਅਗਵਾਈ ਵਿੱਚ ਰਣਧੀਰ ਸਿੰਘ, ਸੁਪਰਡੰਟ, ਕਮਲਜੀਤ ਕੌਰ, ਸ਼੍ਰੀਮਤੀ ਸੁਰਿੰਦਰ ਕੌਰ, ਜਸਵਿੰਦਰ ਸਿੰਘ ਅਤੇ ਸਮੂਹ ਸਟਾਫ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਐਸ.ਏ.ਐਸ.ਨਗਰ ਵਲੋਂ ਆਮ ਲੋਕਾਂ ਨੂੰ ਟੋਕਨ ਫਲੈਗ ਲਗਾਏ ਗਏ ਅਤੇ ਲੋਕਾਂ ਨੇ ਵੀ ਖੁੱਲ੍ਹਦਿਲੀ ਨਾਲ ਦਾਨ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਫੰਡ ਇਕੱਠਾ ਕਰਨ ਦੀ ਮੁਹਿੰਮ ਅਗਲੇ ਦਿਨਾਂ ਵਿੱਚ ਵੀ ਚਲਦੀ ਰਹੇਗੀ ਅਤੇ ਕੋਈ ਵੀ ਵਿਅਕਤੀ ਸੈਨਾਵਾਂ ਦੇ ਝੰਡਾ ਦਿਵਸ ਫੰਡ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ