
ਤਰਨਤਾਰਨ, 5 ਦਸੰਬਰ (ਹਿੰ. ਸ.)। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਤਰਨ ਤਾਰਨ ਵੱਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਕਰਨਵੀਰ ਸਿੰਘ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਤਰਨ ਤਾਰਨ ਵਿਖੇ ਝੰਡਾ ਦਿਵਸ ਨੂੰ ਸਮਰਪਿਤ 06 ਜ਼ਰੂਰਤਮੰਦ ਨੋਨ ਪੈਨਸ਼ਨ ਸਾਬਕਾ ਸੈਨਿਕਾਂ ਨੂੰ ਪ੍ਰਤੀ ਕੇਸ 5,000/- ਰੁਪਏ ਝੰਡਾ ਦਿਵਸ ਫੰਡ ਵਿੱਚੋਂ ਮਾਲ੍ਹੀ ਸਹਾਇਤਾ ਦੇ ਚੈੱਕ ਵੰਡੇ ਗਏ।
ਇਸ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਗਿਆ ਕਿ ਸੈਨਾ ਝੰਡਾ ਦਿਵਸ ਦੇਸ਼ ਦੇ ਅਮਰ ਸ਼ਹੀਦਾਂ ਦੀ ਯਾਦ ਸਾਡੇ ਸਭਨਾਂ ਦੇ ਮਨਾਂ `ਚ ਤਾਜ਼ਾ ਕਰਦਾ ਹੈ, ਜਿਨ੍ਹਾਂ ਨੇ ਸਾਡੇ ਕੱਲ੍ਹ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ। ਇਸ ਦਿਨ ਸੁਰੱਖਿਆ ਸੈਨਾਵਾਂ ਵਲੋਂ ਦੇਸ਼ ਲਈ ਦਿੱਤੀਆਂ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ। ਜਿਸ ਨਾਲ ਸੈਨਿਕਾਂ ਦੇ ਪਰਿਵਾਰਾਂ ਨੂੰ ਹੌਸਲਾ ਮਿਲਦਾ ਹੈ ਅਤੇ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਦੇਸ਼ ਦੀ ਜਨਤਾ ਹਰ ਮਾੜੇ ਅਤੇ ਚੰਗੇ ਸਮੇਂ `ਚ ਉਹਨਾਂ ਦੇ ਨਾਲ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਾਰਾਰ ਰੱਖਣ ਲਈ ਦੁਸ਼ਮਣ ਵਲੋਂ ਥੋਪੀਆਂ ਲੜਾਈਆਂ ਅਤੇ ਅੱਤਵਾਦ ਖਿਲਾਫ ਸੈਨਿਕਾਂ ਨੇ ਕਾਫ਼ੀ ਸ਼ਹਾਦਤਾਂ ਪਾਈਆਂ ਹਨ, ਜੋ ਕਿ ਸ਼ਲਾਘਾਯੋਗ ਹਨ। ਕਈ ਸੈਨਿਕ ਸ਼ਹੀਦ ਹੋ ਗਏ ਅਤੇ ਕਈ ਸਦਾ ਲਈ ਨਕਾਰਾ ਹੋ ਗਏ। ਅਜਿਹੇ ਸੈਨਿਕਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਰਕਾਰ ਅਤੇ ਸਮਾਜ ਦੀ ਮੁੱਢਲੀ ਜਿੰਮੇਵਾਰੀ ਬਣ ਜਾਂਦੀ ਹੈ। ਬੇਸ਼ੱਕ ਸਰਕਾਰ ਅਜਿਹੇ ਪਰਿਵਾਰਾਂ ਦੀ ਬੜੀ ਹਮਦਰਦੀ ਨਾਲ ਸਮੇਂ-ਸਮੇਂ ਤੇ ਕਈ ਪ੍ਰਕਾਰ ਦੀ ਮੱਦਦ ਕਰਦੀ ਹੈ, ਪ੍ਰੰਤੂ ਹਥਿਆਰਬੰਦ ਸੈਨਾ ਝੰਡਾ ਦਿਵਸ ਭਾਰਤ ਦੇਸ਼ ਅਤੇ ਇਸ ਸੂਬੇ ਦੇ ਹਰ ਨਾਗਰਿਕ ਨੂੰ ਆਪਣੇ ਬਹਾਦਰ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਅਤੇ ਸਹਾਨੁਭੂਤੀ ਪ੍ਰਗਟ ਕਰਨ ਲਈ ਇੱਕ ਸੁਨਿਹਰੀ ਮੌਕਾ ਪ੍ਰਦਾਨ ਕਰਦਾ ਹੈ। ਇਸ ਲਈ ਭਾਰਤ ਦੇਸ਼ ਦਾ ਹਰ ਨਾਗਰਿਕ ਝੰਡਾ ਦਿਵਸ ਮਨਾ ਕੇ ਦਿਲ ਖੋਲ ਕੇ ਦਾਨ ਕਰਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ