
ਸੰਗਰੂਰ, 5 ਦਸੰਬਰ (ਹਿੰ. ਸ.)। ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਬਾਲ ਸੁਰੱਖਿਆ ਉਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਹੋਲੀ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੰਗਵਾਲ ਜ਼ਿਲ੍ਹਾ ਸੰਗਰੂਰ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪੋਕਸੋ ਐਕਟ, ਬਾਲ ਵਿਆਹ ਰੋਕਥਾਮ ਕਾਨੂੰਨ, ਸੇਫ ਸਕੂਲ ਵਾਹਨ ਪਾਲਿਸੀ ਅਤੇ ਚਾਈਲਡ ਰਾਈਟਸ ਬਾਰੇ ਲੋਕਾਂ ਵਿੱਚ ਜਾਣਕਾਰੀ ਫੈਲਾਉਣਾ ਸੀ।
ਇਸ ਜਾਗਰੂਕਤਾ ਕੈਂਪ ਵਿੱਚ ਗਗਨਦੀਪ ਸਿੰਘ ਸੋਸ਼ਲ ਵਰਕਰ, ਰੁਪਿੰਦਰ ਸਿੰਘ ਆਉਟਰੀਚ ਵਰਕਰ, ਨਿਰਮਲ ਕੌਰ ਕਾਊਂਸਲਰ, ਅਮਨਦੀਪ ਸਿੰਘ ਆਉਟਰੀਚ ਵਰਕਰ ਵੱਲੋਂ ਉਕਤ ਸਕੂਲਾਂ ਵਿਚ ਬੱਚਿਆਂ ਨੂੰ ਬਾਲ ਸੁਰੱਖਿਆ ਕਾਨੂੰਨਾਂ ਬਾਰੇ ਸਮਝਾਇਆ ਗਿਆ। ਬੱਚਿਆਂ ਦੀ ਸੁਰੱਖਿਆ ਲਈ ਬਣੇ ਮਹੱਤਵਪੂਰਨ ਕਾਨੂੰਨ ਪੋਕਸੋ ਐਕਟ ਬੱਚਿਆਂ ਨੂੰ ਯੌਨ ਅਪਰਾਧਾਂ ਤੋਂ ਸੁਰੱਖਿਆ ਕਾਨੂੰਨ) ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਦੱਸਿਆ ਗਿਆ ਕਿ ਇਸ ਐਕਟ ਤਹਿਤ ਬੱਚਿਆਂ ਖ਼ਿਲਾਫ਼ ਕਿਸੇ ਵੀ ਕਿਸਮ ਦੀ ਯੌਨ ਸ਼ੋਸ਼ਣ ਸੰਬੰਧੀ ਘਟਨਾ ਲਈ ਸਖ਼ਤ ਸਜ਼ਾਵਾਂ ਦਾ ਪ੍ਰਾਵਧਾਨ ਹੈ ਅਤੇ ਇਸਦੀ ਸੂਚਨਾ ਤੁਰੰਤ 1098 ਚਾਈਲਡ ਹੈਲਪਲਾਈਨ ਉਤੇ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਦੇਣੀ ਚਾਹੀਦੀ ਹੈ।
ਦੱਸਿਆ ਗਿਆ ਕਿ ਬਾਲ ਵਿਆਹ ਨਾ ਕੇਵਲ ਕਾਨੂੰਨੀ ਤੌਰ ਉਤੇ ਗਲਤ ਹੈ, ਸਗੋਂ ਬੱਚਿਆਂ ਦੀ ਸਿਹਤ, ਸਿੱਖਿਆ ਅਤੇ ਭਵਿੱਖ ਲਈ ਵੀ ਖ਼ਤਰਨਾਕ ਹੈ।
ਸੇਫ ਸਕੂਲ ਵਾਹਨ ਪਾਲਿਸੀ ਦਾ ਮੁੱਖ ਉਦੇਸ਼ ਸਕੂਲ ਜਾਣ ਵਾਲੇ ਬੱਚਿਆਂ ਦੇ ਸੁਰੱਖਿਅਤ ਆਵਾਜਾਈ ਪ੍ਰਬੰਧ ਨੂੰ ਯਕੀਨੀ ਬਣਾਉਣਾ ਹੈ। ਚਾਈਲਡ ਰਾਈਟਸ ਹੇਠ ਹਰ ਬੱਚੇ ਨੂੰ ਸੁਰੱਖਿਆ, ਸਿੱਖਿਆ, ਸਿਹਤ ਅਤੇ ਸਹੀ ਵਿਕਾਸ ਦਾ ਅਧਿਕਾਰ ਪ੍ਰਾਪਤ ਹੈ। ਇਸ ਮੌਕੇ ਉਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਬੱਚੇ ਨਾਲ ਸ਼ੋਸ਼ਣ, ਧੋਖਾ ਜਾਂ ਅਤਿਆਚਾਰ ਦੇਖਣ ਵਿੱਚ ਆਵੇ ਤਾਂ ਤੁਰੰਤ ਚਾਇਲਡ ਹੈਲਪਲਾਈਨ 1098 ਉਤੇ ਸੂਚਨਾ ਦਿੱਤੀ ਜਾਵੇ।
---------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ