
ਬਰਨਾਲਾ, 5 ਦਸੰਬਰ (ਹਿੰ. ਸ.)। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਦਫ਼ਤਰ ਬਰਨਾਲਾ ਵਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ, ਜਿਸ ਦੌਰਾਨ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਦੇ ਬੈਜ ਲਗਾ ਕੇ ਸ਼ੁਰੂਆਤ ਕੀਤੀ ਗਈ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸੈਨਿਕ ਬੋਰਡ ਦੇ ਮੈਂਬਰਜ਼ ਅਤੇ ਵੱਖ—ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਸ਼ਹੀਦ ਸੈਨਿਕਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ।ਇਸ ਉਪਰੰਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਬਰਨਾਲਾ ਦੇ ਕੰਮਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੁਣਨ ਉਪਰੰਤ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਉਹਨਾਂ ਹੋਰ ਵਿਭਾਗਾਂ ਨੂੰ ਵੀ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੇ ਮੈਂਬਰਾਂ ਦਾ ਦਫਤਰਾਂ ਵਿੱਚ ਆਉਣ 'ਤੇ ਪਹਿਲ ਦੇ ਆਧਾਰ 'ਤੇ ਉਹਨਾਂ ਦਾ ਕੰਮ ਕਰਨ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਸਕੱਤਰ, ਜ਼ਿਲ੍ਹਾ ਸੈਨਿਕ ਬੋਰਡ, ਬਰਨਾਲਾ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.) ਅਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਸਮੂਹ ਸਟਾਫ਼ ਹਾਜ਼ਰ ਰਿਹਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ