
ਲੁਧਿਆਣਾ, 5 ਦਸੰਬਰ (ਹਿੰ. ਸ.)। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਘੱਟ ਗਿਣਤੀ ਵਰਗ ਲਈ ਪੀ.ਐਮ. ਵਿਕਾਸ ਸਕੀਮ ਅਧੀਨ ਨੌਜਵਾਨਾਂ ਨੂੰ 'ਜੇਰੀਐਟ੍ਰਿਕ ਕੇਅਰ ਗਿਵਰ' ਅਤੇ 'ਵੇਅਰਹਾਊਸ ਐਸੋਸੀਏਟ' ਦੇ ਕੋਰਸ ਮੁਫ਼ਤ ਕਰਵਾਏ ਜਾਣਗੇ।
ਇਹ ਕੋਰਸ ਸਰਕਾਰੀ ਆਈ.ਟੀ.ਆਈ., ਗਿੱਲ ਰੋਡ ਅਤੇ ਐਮ.ਐਸ.ਡੀ.ਸੀ. ਗਰਲਜ਼ ਹੋਸਟਲ, ਲੁਧਿਆਣਾ ਵਿਖੇ ਕਰਵਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਬੈਂਸ ਨੇ ਅੱਗੇ ਦੱਸਿਆ ਕਿ ਇਸ ਸਕੀਮ ਅਧੀਨ ਕੋਰਸ ਕਰਨ ਵਾਲੇ ਸਿੱਖਿਆਰਥੀਆਂ ਨੂੰ ਕੋਰਸ ਪੂਰਾ ਕਰਨ 'ਤੇ 6 ਹਜ਼ਾਰ ਰੁਪਏ ਬਤੌਰ ਵਜੀਫਾ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਰੋਜ਼ਗਾਰ ਲਗਣ 'ਤੇ ਲਗਾਤਾਰ 2 ਮਹੀਨੇ ਕੰਮ ਕਰਨ ਉਪਰੰਤ ਬਣਦਾ 2 ਹਜ਼ਾਰ ਰੁਪਏ ਰੋਜ਼ਗਾਰ ਭੱਤਾ ਵੀ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਜੀਤ ਬੈਂਸ ਦੀ ਅਗਵਾਈ ਹੇਠ ਜਿਲੇ ਵਿੱਚ ਚਲ ਰਹੀ ਪੰਜਾਬ ਹੁਨਰ ਵਿਕਾਸ ਮਿਸ਼ਨ ਸਕੀਮ ਅਧੀਨ ਨੋਜਵਾਨਾ ਨੂੰ ਹੁਨਰ ਸਿੱਖਿਆ ਦੇਣ ਉਪਰੰਤ ਰੋਜਗਾਰ ਵੀ ਮੁੱਹੀਆ ਕਰਵਾਇਆ ਜਾਂਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਬੈਂਸ ਵੱਲੋਂ ਯੋਗ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੂਗਲ ਫਾਰਮ https://forms.gle/17YPWp43rNmnLAUm8 ਵਿੱਚ ਆਪਣੀ ਜ਼ਰੂਰੀ ਜਾਣਕਾਰੀ ਭਰੀ ਜਾਵੇ।
ਵਧੇਰੇ ਜਾਣਕਾਰੀ ਲਈ ਕਮਰਾ ਨੰਬਰ 9, ਸਕਿੱਲ ਡਵੈਲਪਮੇਂਟ ਬਰਾਂਚ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੇ ਦਫਤਰ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਸੰਪਰਕ ਈ-ਮੇਲ psdm.ludhiana@gmail.com
------
---------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ