
ਮੋਹਾਲੀ, 5 ਦਸੰਬਰ (ਹਿੰ. ਸ.)। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪਿੰਡ ਬਾਕਰਪੁਰ ਦਾ ਦੌਰਾ ਕਰਕੇ ਉੱਥੋਂ ਦੇ ਵਸਨੀਕਾਂ ਨਾਲ ਬਹੁਤ ਹੀ ਖੁੱਲ੍ਹੇ ਦਿਲ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਦਿਲ ਦੀਆਂ ਗੱਲਾਂ ਸੁਣੀਆਂ। ਪਿੰਡ ਵਿੱਚ ਹੋਈ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਜਿੱਥੇ ਵਸਨੀਕਾਂ ਵੱਲੋਂ ਖੁੱਲ੍ਹੇ ਤੌਰ 'ਤੇ ਆਪਣੀਆਂ ਸਮੱਸਿਆਵਾਂ, ਚਿੰਤਾਵਾਂ ਅਤੇ ਉਮੀਦਾਂ ਸਾਂਝੀਆਂ ਕੀਤੀਆਂ ਗਈਆਂ। ਕੁਲਜੀਤ ਸਿੰਘ ਬੇਦੀ ਨੇ ਨਾ ਸਿਰਫ ਉਨ੍ਹਾਂ ਦੀਆਂ ਗੱਲਾਂ ਸੁਣੀਆਂ, ਸਗੋਂ ਆਪਣੀਆਂ ਗੱਲਾਂ ਉਨ੍ਹਾਂ ਨਾਲ ਬੜੇ ਪਿਆਰ ਨਾਲ ਸਾਂਝੀਆਂ ਕਰਦਿਆਂ ਭਰੋਸਾ ਦਿੱਤਾ ਕਿ ਬਾਕਰਪੁਰ ਅਤੇ ਹਲਕਾ ਮੋਹਾਲੀ ਦੇ ਲੋਕਾਂ ਦੇ ਹੱਕ ਲਈ ਉਹ ਹਰ ਵੇਲੇ ਖੜ੍ਹੇ ਹਨ ਅਤੇ ਰਹਿਣਗੇ।
ਬੇਦੀ ਨੇ ਕਿਹਾ ਕਿ ਉਨ੍ਹਾਂ ਦੇ ਦੌਰੇ ਦਾ ਮਕਸਦ ਸਿਰਫ ਰਾਜਨੀਤਿਕ ਮਿਲਾਪ ਨਹੀਂ, ਸਗੋਂ ਲੋਕਾਂ ਦੇ ਦਿਲਾਂ ਵਿੱਚ ਵਸੀਆਂ ਉਮੀਦਾਂ ਨੂੰ ਸਮਝਣਾ ਅਤੇ ਉਹਨਾਂ ਨੂੰ ਹਕੀਕਤ ਬਣਾਉਣ ਲਈ ਪੱਕੀ ਯੋਜਨਾ ਤਿਆਰ ਕਰਨੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਹੱਲ ਕਰਨਾ ਹੀ ਅਸਲ ਸੇਵਾ ਹੈ ਅਤੇ ਇਸ ਰਾਹ 'ਤੇ ਉਹ ਡਟ ਕੇ ਚੱਲ ਰਹੇ ਹਨ।
ਮੀਟਿੰਗ ਦੌਰਾਨ ਪਿੰਡ ਦੇ ਸਾਬਕਾ ਪੰਚ ਅਜੈਬ ਸਿੰਘ ਬਾਕਰਪੁਰ, ਪਿੰਡ ਦੇ ਸਾਬਕਾ ਪੰਚ ਸਾਹਿਬਾਨ, ਮਾਣਯੋਗ ਬਜ਼ੁਰਗ, ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਬਾਕਰਪੁਰ ਦੇ ਵਸਨੀਕ ਹਾਜ਼ਰ ਸਨ। ਲੋਕਾਂ ਵੱਲੋਂ ਪ੍ਰਗਟ ਕੀਤਾ ਪਿਆਰ ਅਤੇ ਪ੍ਰੇਮ ਬੇਦੀ ਲਈ ਬੇਮਿਸਾਲ ਸੀ। ਲੋਕਾਂ ਨੇ ਖੁੱਲ੍ਹੇ ਤੌਰ 'ਤੇ ਆਪਣੀ ਭਾਵਨਾਵਾਂ ਦਾ ਇਜ਼ਹਾਰ ਕੀਤਾ ਅਤੇ ਕੁਲਜੀਤ ਸਿੰਘ ਬੇਦੀ ਨੂੰ ਦੱਸਿਆ ਕਿ ਉਹਨਾ ਨੂੰ ਉਨ੍ਹਾਂ 'ਤੇ ਪੂਰਾ ਭਰੋਸਾ ਹੈ।
ਇਸ ਮੌਕੇ ਕੁਲਜੀਤ ਸਿੰਘ ਬੇਦੀ ਨੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਹੀ ਉਹ ਪਾਰਟੀ ਹੈ ਜਿਸ ਨੇ ਹਮੇਸ਼ਾ ਗਰੀਬਾਂ, ਕਿਸਾਨਾਂ, ਮਜ਼ਦੂਰਾਂ, ਪਿੰਡਾਂ ਅਤੇ ਆਮ ਲੋਕਾਂ ਦੀਆਂ ਲੜਾਈਆਂ ਲੜੀਆਂ ਹਨ। ਕਾਂਗਰਸ ਨੇ ਹਮੇਸ਼ਾ ਵਿਕਾਸ ਨੂੰ ਤਰਜੀਹ ਦਿੱਤੀ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਘਰ ਦੀ ਸਮੱਸਿਆ ਸਮਝ ਕੇ ਹੱਲ ਕੀਤਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਮੋਹਾਲੀ ਹਲਕੇ ਅਤੇ ਪੂਰੇ ਪੰਜਾਬ ਵਿੱਚ ਕਾਂਗਰਸ ਦੀ ਹਵਾ ਸਾਫ਼ ਨਜ਼ਰ ਆ ਰਹੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਪੰਜਾਬ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ।
ਉਨ੍ਹਾਂ ਅਨੁਸਾਰ, ਲੋਕ ਇੱਕ ਵਾਰ ਫਿਰ ਉਹੀ ਸਰਕਾਰ ਚਾਹੁੰਦੇ ਹਨ ਜੋ ਕੰਮ ਕਰਦੀ ਹੈ, ਸੁਣਦੀ ਹੈ, ਹੱਲ ਲਿਆਉਂਦੀ ਹੈ ਅਤੇ ਲੋਕਾਂ ਦੇ ਘਰ ਵਿੱਚ ਖੁਸ਼ਹਾਲੀ ਲਿਆਉਂਦੀ ਹੈ।
ਮੀਟਿੰਗ ਦੇ ਅੰਤ ਵਿੱਚ ਬੇਦੀ ਨੇ ਕਿਹਾ ਕਿ ਚੋਣਾਂ ਇੱਕ ਮੌਕਾ ਹੁੰਦੀਆਂ ਹਨ ਫ਼ੈਸਲਾ ਕਰਨ ਦਾ, ਪਰ ਲੋਕਾਂ ਨਾਲ ਸਦਾ ਖੜ੍ਹੇ ਰਹਿਣਾ ਫ਼ਰਜ਼ ਹੁੰਦਾ ਹੈ। ਮੈਂ ਬਾਕਰਪੁਰ ਦੇ ਹਰ ਘਰ ਨਾਲ, ਹਰ ਪਰਿਵਾਰ ਨਾਲ, ਹਰ ਮੁਸ਼ਕਲ ਵਿੱਚ, ਹਰ ਖੁਸ਼ੀ ਵਿੱਚ ਹਮੇਸ਼ਾ ਖੜ੍ਹਾ ਰਹਾਂਗਾ। ਇਹ ਵਾਅਦਾ ਹੈ, ਸਿਰਫ਼ ਬੋਲ ਨਹੀਂ।”
ਇਹ ਦੌਰਾ ਪਿੰਡ ਬਾਕਰਪੁਰ ਦੇ ਲੋਕਾਂ ਅਤੇ ਕੁਲਜੀਤ ਸਿੰਘ ਬੇਦੀ ਵਿਚਕਾਰ ਇੱਕ ਦਿਲੀ ਜੋੜ ਦਾ ਪ੍ਰਤੀਕ ਬਣ ਗਿਆ — ਜਿੱਥੇ ਰਾਜਨੀਤੀ ਨਹੀਂ, ਇਨਸਾਨੀਅਤ ਅਤੇ ਭਰੋਸਾ ਪਹਿਲਾਂ ਨਜ਼ਰ ਆਇਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ