
ਬਰਨਾਲਾ, 5 ਦਸੰਬਰ (ਹਿੰ. ਸ.)। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਣੇ ਚੋਣ ਪ੍ਰੋਗਰਾਮ ਅਨੁਸਾਰ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਲਈ ਪ੍ਰਾਪਤ ਹੋਏ ਨਾਮਜਦਗੀ ਪੱਤਰਾਂ ਦੀ ਪੜਤਾਲ ਉਪਰੰਤ ਕੁੱਲ 246 ਉਮੀਦਵਾਰਾਂ ਦੇ ਪੱਤਰ ਯੋਗ ਪਾਏ ਗਏ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਲਈ ਕੁੱਲ 42 ਨਾਮਜਦਗੀ ਪੱਤਰ ਪ੍ਰਾਪਤ ਹੋਏ ਅਤੇ ਪੜਤਾਲ ਉਪਰੰਤ 2 ਉਮੀਦਵਾਰਾਂ ਦੇ ਪੱਤਰ ਰੱਦ ਕੀਤੇ ਗਏ ਹਨ ਅਤੇ ਹੁਣ 40 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਇਸੇ ਤਰ੍ਹਾਂ ਬਲਾਕ ਸੰਮਤੀ ਬਰਨਾਲਾ, ਪੰਚਾਇਤ ਸੰਮਤੀ ਮਹਿਲ ਕਲਾਂ ਅਤੇ ਪੰਚਾਇਤ ਸੰਮਤੀ ਸਹਿਣਾ ਲਈ ਕੁੱਲ 206 ਨਾਮਜਦਗੀ ਪੱਤਰ ਪ੍ਰਾਪਤ ਹੋਏ, ਨਾਮਜਦਗੀ ਪੱਤਰਾਂ ਦੀ ਪੜਤਾਲ ਉਪਰੰਤ ਸਾਰੇ ਉਮੀਦਵਾਰ ਦੇ ਪੱਤਰ ਯੋਗ ਪਾਏ ਗਏ।
ਉਹਨਾਂ ਅੱਗੇ ਦੱਸਿਆ ਕਿ ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖ਼ਰੀ ਮਿਤੀ 6 ਦਸੰਬਰ 2025 (ਸ਼ਨੀਵਾਰ) ਸ਼ਾਮ 03:00 ਵਜੇ ਤੱਕ ਹੋਵੇਗੀ ਅਤੇ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ 10 ਹਲਕਿਆਂ ਅਤੇ ਬਲਾਕ ਬਰਨਾਲਾ ਦੀਆਂ 15 ਪੰਚਾਇਤ ਸੰਮਤੀਆਂ, ਸਹਿਣਾ ਅਤੇ ਮਹਿਲ ਕਲਾਂ ਦੀਆਂ 25-25 ਪੰਚਾਇਤ ਸੰਮਤੀਆਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ