ਸੱਤਾਧਾਰੀ ਪਾਰਟੀ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਦੇਖ ਕੇ ਡਰੀ ਹੋਈ ਹੈ: ਰਾਜਾ ਵੜਿੰਗ
ਚੰਡੀਗੜ੍ਹ, 5 ਦਸੰਬਰ (ਹਿੰ. ਸ.)। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਚੋਣਾਂ ਜਿੱਤਣ ਲਈ ਗੈਂਗਸਟਰਾਂ ਨੂੰ ਉਤਸ਼ਾਹਿਤ ਕਰਨ ਅਤੇ ਸਰਪ੍ਰਸਤੀ ਦੇਣ ਦੇ ਤਰੀਕੇ ਨਾਲ ਸੂਬੇ ਨੂੰ ਅਰਾਜਕਤਾ ਅਤੇ ਖੂਨ-ਖਰਾਬੇ ਵੱਲ ਧੱਕਣ ਦ
ਅਮਰਿੰਦਰ ਸਿੰਘ ਰਾਜਾ ਵੜਿੰਗ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ.


ਚੰਡੀਗੜ੍ਹ, 5 ਦਸੰਬਰ (ਹਿੰ. ਸ.)। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਚੋਣਾਂ ਜਿੱਤਣ ਲਈ ਗੈਂਗਸਟਰਾਂ ਨੂੰ ਉਤਸ਼ਾਹਿਤ ਕਰਨ ਅਤੇ ਸਰਪ੍ਰਸਤੀ ਦੇਣ ਦੇ ਤਰੀਕੇ ਨਾਲ ਸੂਬੇ ਨੂੰ ਅਰਾਜਕਤਾ ਅਤੇ ਖੂਨ-ਖਰਾਬੇ ਵੱਲ ਧੱਕਣ ਦੇ ਰਾਹ ਤੇ ਨਾ ਤੁਰੇ।

ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ 'ਸਾਮ, ਦਾਮ, ਦੰਡ, ਭੇਦ' ਦੇ ਹੁਕਮ ਦੀ ਪਾਲਣਾ ਕਰ ਰਹੀ ਜਾਪਦੀ ਹੈ।

ਇਸਦੇ ਨਾਲ ਹੀ, ਸੂਬਾ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ, ਜਿਹੜੇ 'ਆਪ' ਦੇ ਪਿੱਠੂਆਂ ਵਿੱਚ ਬਦਲ ਗਏ ਹਨ ਅਤੇ ਇਨ੍ਹਾਂ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਉਨ੍ਹਾਂ ਨੇ ਅਜਿਹੇ ਸਾਰੇ ਅਫ਼ਸਰਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਨਾ ਤਾਂ ਭੁੱਲਾਂਗੇ ਅਤੇ ਨਾ ਹੀ ਮੁਆਫ ਕਰਾਂਗੇ।

ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਚੋਣਾਂ ਹਾਰਨ ਤੋਂ ਡਰੀ ਅਤੇ ਘਬਰਾਈ ਹੋਈ ਹੈ, ਕਿਉਂਕਿ ਉਸਨੂੰ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ ਕਿ ਜ਼ਮੀਨ ਉਸਦੇ ਪੈਰਾਂ ਹੇਠੋਂ ਖਿਸਕ ਗਈ ਹੈ।

ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਕਰਵਾਉਣ ਤੋਂ ਭੱਜ ਰਹੀ ਸੀ, ਕਿਉਂਕਿ ਉਹ ਜਾਣਦੀ ਸੀ ਕਿ ਉਹ ਹਾਰ ਜਾਵੇਗੀ। ਲੇਕਿਨ ਅਦਾਲਤ ਦੀ ਦਖਲ ਤੋਂ ਬਾਅਦ ਸਰਕਾਰ ਨੂੰ ਚੋਣਾਂ ਕਰਵਾਉਣ ਲਈ ਮਜਬੂਰ ਹੋਣਾ ਪਿਆ।

ਸੂਬਾ ਕਾਂਗਰਸ ਪ੍ਰਧਾਨ ਨੇ ਸੂਬੇ ਭਰ ਤੋਂ ਹਾਸਿਲ ਕੀਤੇ ਵੇਰਵੇ ਦੱਸੇ ਕਿ ਕਿਵੇਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਨੂੰ ਡਰਾਇਆ ਗਿਆ ਅਤੇ ਉਨ੍ਹਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ। ਉਨ੍ਹਾਂ ਇਹ ਵੀ ਖਦਸ਼ਾ ਪ੍ਰਗਟ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਕਿਸੇ ਤਰ੍ਹਾਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਉਨ੍ਹਾਂ ਦੇ ਕਾਗਜ਼ ਵੀ ਜਾਂਚ ਦੇ ਸਮੇਂ ਰੱਦ ਹੋ ਸਕਦੇ ਹਨ, ਕਿਉਂਕਿ ਸੱਤਾਧਾਰੀ ਪਾਰਟੀ ਨੇ ਚੋਣ ਮਸ਼ੀਨਰੀ ਨੂੰ ਪੂਰੀ ਤਰ੍ਹਾਂ ਹਾਈਜੈਕ ਕਰ ਲਿਆ ਹੈ।

ਇਸੇ ਤਰ੍ਹਾਂ, ਇਕ ਕਥਿਤ ਆਡੀਓ ਕਲਿੱਪ ਬਾਰੇ ਸਵਾਲ ਦੇ ਜਵਾਬ ਵਿੱਚ, ਜਿਸ ਵਿੱਚ ਐਸਐਸਪੀ ਪਟਿਆਲਾ ਕਥਿਤ ਤੌਰ 'ਤੇ ਆਪਣੇ ਅਧੀਨ ਅਧਿਕਾਰੀਆਂ ਨੂੰ ਨਿਰਦੇਸ਼ ਦੇ ਰਹੇ ਹਨ ਕਿ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਸਥਾਨ 'ਤੇ ਪਹੁੰਚਣ ਤੋਂ ਕਿਵੇਂ ਰੋਕਿਆ ਜਾਵੇ, ਵੜਿੰਗ ਨੇ ਕਿਹਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸੱਚ ਪਾਇਆ ਜਾਂਦਾ ਹੈ, ਤਾਂ ਅਜਿਹੇ ਅਧਿਕਾਰੀਆਂ ਨੂੰ ਸੇਵਾਵਾਂ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਪੁਲਿਸ ਦੇ ਪੱਖਪਾਤੀ ਰਵਈਏ ਦਾ ਜ਼ਿਕਰ ਕਰਦਿਆਂ, ਜ਼ੋਰ ਦਿੰਦਿਆਂ ਕਿਹਾ ਕਿ ਜ਼ਿਆਦਾਤਰ ਐਸਐਸਪੀ, ਪੁਲਿਸ ਸਬ-ਡਿਵੀਜ਼ਨਾਂ ਦੇ ਮੁਖੀ, ਡੀਐਸਪੀ ਅਤੇ ਐਸਐਚਓ ਤੇ ਪੁਲਿਸ ਚੌਕੀਆਂ ਦੇ ਮੁਖੀ ਆਪਣੇ ਆਪ ਨੂੰ ਪੂਰੀ ਤਰ੍ਹਾਂ 'ਆਪ' ਦੇ ਹਵਾਲੇ ਕਰ ਚੁੱਕੇ ਹਨ ਅਤੇ ਇਸਦੇ ਪਿੱਠੂਆਂ ਵਜੋਂ ਬਦਲ ਗਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪਟਿਆਲਾ ਦੇ ਐਸਐਸਪੀ ਦੁਆਰਾ ਕਥਿਤ ਤੌਰ 'ਤੇ ਜਾਰੀ ਕੀਤੇ ਗਏ ਨਿਰਦੇਸ਼ਾਂ ਵਰਗੇ ਕੋਈ ਨਿਰਦੇਸ਼ ਨਹੀਂ ਸਨ, ਪਰ ਇਹ ਪਹਿਲਾਂ ਹੀ ਸੂਬੇ ਭਰ ਵਿੱਚ ਹੋ ਰਿਹਾ ਹੈ ਅਤੇ ਪੁਲਿਸ ਅਧਿਕਾਰੀ ਸਿਰਫ਼ 'ਆਪ' ਦੀ ਬੋਲੀ ਬੋਲ ਰਹੇ ਹਨ।

ਵੜਿੰਗ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਬਦਲਣ ਤੋਂ ਬਾਅਦ ਅਜਿਹੇ ਸਾਰੇ ਅਧਿਕਾਰੀ ਕਾਨੂੰਨ ਅਧੀਨ ਜਵਾਬਦੇਹ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕੁਝ ਪੁਲਿਸ ਅਧਿਕਾਰੀ ਇਹ ਮੰਨਦੇ ਹਨ ਕਿ ਉਹ ਅਗਲੀ ਸਰਕਾਰ ਵਿੱਚ ਸੱਤਾਧਾਰੀ ਪਾਰਟੀ ਲਈ ਇਹੀ ਕੰਮ ਕਰਕੇ ਬਚ ਜਾਣਗੇ, ਤਾਂ ਉਹ ਗਲਤ ਹਨ। ਇਹ ਖਤਮ ਹੋਣਾ ਚਾਹੀਦਾ ਹੈ ਅਤੇ ਅਸੀਂ ਇਸਨੂੰ ਖਤਮ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੇ 'ਆਪ' ਦੇ ਸਾਥੀਆਂ ਵਜੌਂ ਬਦਲਣ ਨਾਲ, ਸੂਬੇ ਵਿੱਚ ਗੈਂਗਸਟਰਾਂ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਕਿ 'ਆਪ' ਵੱਲੋਂ ਕਾਂਗਰਸ ਉੱਪਰ ਆਪਣੇ ਕਾਰਜਕਾਲ ਦੌਰਾਨ ਗੈਂਗਸਟਰਾਂ ਨੂੰ ਸਰਪ੍ਰਸਤੀ ਦੇਣ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਦੇ ਜਵਾਬ ਵਿਚ ਵੜਿੰਗ ਨੇ ਅਜਿਹੇ ਕਿਸੇ ਵੀ ਦੋਸ਼ ਨੂੰ ਜ਼ੋਰਦਾਰ ਢੰਗ ਨਾਲ ਨਕਾਰਿਆ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਦੀ ਦਲੀਲ ਮੁਤਾਬਿਕ, ਕਾਂਗਰਸ ਜਾਂ ਅਕਾਲੀਆਂ ਨੇ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ ਹੋਵੇ, ਤਾਂ 'ਆਪ' ਨੇ ਪਿਛਲੇ ਚਾਰ ਸਾਲਾਂ ਦੌਰਾਨ ਕੀ ਕੀਤਾ ਹੈ। ਉਹਨਾਂ ਨੇ ਆਪ ਲੀਡਰਸ਼ਿਪ ਨੂੰ ਆਈਨਾ ਦਿਖਾਉਂਦਿਆਂ ਕਿਹਾ ਕਿ ਬਹਾਨਿਆਂ ਲਈ ਹੁਣ ਕੋਈ ਸਮਾਂ ਨਹੀਂ ਹੈ, ਇਹ ਜਵਾਬ ਦੇਣ ਦਾ ਸਮਾਂ ਹੈ।

ਇਸ ਮੁੱਦੇ 'ਤੇ 'ਆਪ' ਦੀ ਸੱਚਾਈ ਸਾਹਮਣੇ ਲਿਆਉਂਦਿਆਂ, ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਤਰਨਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਵਿਸ਼ੇਸ਼ ਤੌਰ 'ਤੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਸਾਮ ਜੇਲ੍ਹ ਤੋਂ ਬਟਾਲਾ ਲੈ ਕੇ ਆਈ ਸੀ। ਇਸੇ ਤਰ੍ਹਾਂ, ਜਲੰਧਰ ਜ਼ਿਮਨੀ ਚੋਣ ਦੌਰਾਨ ਇੱਕ ਹੋਰ ਗੈਂਗਸਟਰ ਨੂੰ ਵਿਸ਼ੇਸ਼ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਹਾਲਾਂਕਿ ਭਾਰਤੀ ਚੋਣ ਕਮਿਸ਼ਨ ਨੇ ਇਸ ਖਾਸ ਗੈਂਗਸਟਰ ਦੀ ਪੈਰੋਲ ਰੱਦ ਕਰ ਦਿੱਤੀ ਸੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande