
ਮੋਗਾ, 6 ਦਸੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੀ ਸੁਚੱਜੀ ਅਤੇ ਯੋਗ ਅਗਵਾਈ ਹੇਠ ਜ਼ਿਲ੍ਹਾ ਮੋਗਾ ਦੇ ਸਹਿ-ਵਿੱਦਿਅਕ ਮੁਕਾਬਲੇ ਆਈ.ਐਸ.ਐਫ. ਕਾਲਜ ਵਿਖੇ ਉਤਸ਼ਾਹਪੂਰਨ ਮਾਹੌਲ ਵਿੱਚ ਆਯੋਜਿਤ ਕੀਤੇ ਗਏ। ਇਸ ਵਿਸ਼ਾਲ ਆਯੋਜਨ ਦੇ ਤਹਿਤ ਜ਼ਿਲ੍ਹਾ ਮੋਗਾ ਅਧੀਨ ਆਉਂਦੇ ਸਮੂਹ ਬਲਾਕ ਪੱਧਰੀ ਮੁਕਾਬਲਿਆਂ ਦੇ ਏਕਲ ਨਾਚ, ਏਕਲ ਗੀਤ, ਸਮੂਹ ਗਾਣ , ਸਮੂਹ ਨਾਚ, ਭੰਗੜਾ, ਗਿੱਧਾ ਆਦਿ ਵੰਨਗੀਆਂ ਵਿੱਚ ਜੇਤੂ ਰਹੇ ਲੜਕੇ ਅਤੇ ਲੜਕੀਆਂ ਨੇ ਆਪਣਾ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ ।
ਇਹਨਾਂ ਮੁਕਾਬਲਿਆਂ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਮੌਕੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਦੀਆਂ ਲੁਕੀਆਂ ਪ੍ਰਤਿਭਾਵਾਂ ਨੂੰ ਉਭਾਰਨ, ਸਿੱਖਿਆ ਨਾਲ ਨਾਲ ਸੱਭਿਆਚਾਰਕ ਮੁੱਲਾਂ ਦਾ ਪ੍ਰਚਾਰ ਕਰਨ ਅਤੇ ਬੱਚਿਆਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਜਾਗਦੀ ਹੈ। ਉਹਨਾਂ ਕਿਹਾ ਕਿ ਬੱਚਿਆਂ ਵੱਲੋਂ ਇਹਨਾਂ ਮੁਕਾਬਲਿਆਂ ਵਿੱਚ ਪੂਰਨ ਜੋਸ਼ ਤੇ ਦਿਲਚਸਪੀ ਨਾਲ ਭਾਗ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕਰਕੇ ਵੱਖ ਵੱਖ ਮੁਕਾਬਲਿਆਂ ਵਿੱਚ ਜੇਤੂ ਉਮੀਦਵਾਰਾਂ ਨੂੰ ਨਿੱਜੀ ਤੌਰ ਤੇ ਨਕਦ ਇਨਾਮਾਂ ਦੀ ਵੰਡ ਕਰਕੇ ਹੌਂਸਲਾ ਅਫਜਾਈ ਕੀਤੀ ਗਈ। ਉਹਨਾਂ ਭਵਿੱਖ ਵਿੱਚ ਵੀ ਮਾਹਿਰ ਕੋਚ ਅਤੇ ਪੰਜਾਬੀ ਸੱਭਿਆਚਾਰ ਦੇ ਨਾਲ ਨਾਲ ਪ੍ਰਚੱਲਿਤ ਦੂਸਰੀਆਂ ਵੰਨਗੀਆਂ ਵਿੱਚ ਵੀ ਸਹਿਯੋਗ ਕਰਨ ਦਾ ਵਿਸ਼ਵਾਸ਼ ਦਿਵਾਇਆ ਤਾਂ ਕਿ ਵਿਦਿਆਰਥੀਆਂ ਦੀ ਪ੍ਰਤਿਭਾ ਵਿੱਚ ਹੋਰ ਨਿਖਾਰ ਲਿਆਂਦਾ ਜਾ ਸਕੇ। ਇਸ ਮੌਕੇ ਉਹਨਾਂ ਵੱਲੋਂ ਨਵੇਂ ਵਿੱਦਿਅਕ ਵਰ੍ਹੇ ਲਈ ਦਾਖਲਾ ਮੁਹਿੰਮ ਲਈ ਵੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਮੰਜੂ ਭਾਰਦਵਾਜ ਨੇ ਕਿਹਾ ਕਿ ਇਸ ਸਬੰਧੀ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀ ਦੇਖ-ਰੇਖ ਵਿੱਚ ਹਦਾਇਤਾਂ ਅਨੁਸਾਰ ਤਿਆਰੀਆਂ ਮੁਕੰਮਲ ਕਰਦਿਆਂ ਮੁਕਾਬਲਿਆਂ ਨੂੰ ਬਿਹਤਰੀਨ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਸਬੰਧੀ ਅਕਾਦਮਿਕ ਸਪੋਰਟ ਗਰੁੱਪ , ਪ੍ਰਬੰਧਕੀ ਮੰਡਲ , ਸੈਂਟਰ ਹੈੱਡ ਟੀਚਰ ਅਤੇ ਵੰਨਗੀਆਂ ਵਿੱਚ ਮੁਹਾਰਤ ਰੱਖਦੇ ਅਧਿਆਪਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਸਨ। ਉਹਨਾਂ ਇਹਨਾਂ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਗੀਤ ਸੋਲੋ ਮੁਕਾਬਲਿਆਂ ਵਿੱਚ ਧਰਮਕੋਟ ਬਲਾਕ ਦੀ ਵਿਦਿਆਰਥਨ ਕਿਸਮਤ ਨੇ ਪਹਿਲਾ ਜਦਕਿ ਨਿਹਾਲ ਸਿੰਘ ਵਾਲਾ ਬਲਾਕ ਦੀ ਵਿਦਿਆਰਥਨ ਪ੍ਰਭਜੋਤ ਕੌਰ ਨੇ ਦੂਜਾ ਅਤੇ ਬਾਘਾਪੁਰਾਣਾ ਬਲਾਕ ਦੀ ਵਿਦਿਆਰਥਨ ਜੈਸਮੀਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਗਰੁੱਪ ਗੀਤ ਮੁਕਾਬਲਿਆਂ ਵਿੱਚ ਬਾਘਾਪੁਰਾਣਾ ਬਲਾਕ ਨੇ ਪਹਿਲਾ, ਮੋਗਾ-2 ਬਲਾਕ ਨੇ ਦੂਸਰਾ, ਧਰਮਕੋਟ ਬਲਾਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੋਲੋ ਡਾਂਸ ਮੁਕਾਬਲਿਆਂ ਵਿੱਚ ਧਰਮਕੋਟ ਬਲਾਕ ਦੀ ਵਿਦਿਆਰਥਨ ਖੁਸ਼ਪ੍ਰੀਤ ਕੌਰ ਨੇ ਪਹਿਲਾ, ਮੋਗਾ ਬਲਾਕ ਦੀ ਵਿਦਿਆਰਥਨ ਪ੍ਰਭਜੋਤ ਕੌਰ ਨੇ ਦੂਸਰਾ ਤੇ ਧਰਮਕੋਟ ਬਲਾਕ ਦੀ ਵਿਦਿਆਰਥਨ ਹਰਸਿਮਰਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਗਰੁੱਪ ਡਾਂਸ ਮੁਕਾਬਲਿਆਂ ਵਿੱਚ ਧਰਮਕੋਟ ਬਲਾਕ ਨੇ ਪਹਿਲਾ ਸਥਾਨ, ਮੋਗਾ ਬਲਾਕ ਨੇ ਦੂਸਰਾ ਸਥਾਨ ਤੇ ਬਾਘਾਪੁਰਾਣਾ ਬਲਾਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਭੰਗੜੇ ਦੇ ਮੁਕਾਬਲਿਆਂ ਵਿੱਚ ਧਰਮਕੋਟ-2 ਬਲਾਕ ਨੇ ਪਹਿਲਾ, ਮੋਗਾ ਬਲਾਕ ਨੇ ਦੂਸਰਾ ਅਤੇ ਧਰਮਕੋਟ-1 ਬਲਾਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ ) ਮੰਜੂ ਭਾਰਦਵਾਜ ਦੀ ਦੇਖ ਰੇਖ ਕਰਵਾਏ ਗਏ। ਇਸ ਮੌਕੇ ਵੱਖ ਵੱਖ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਮੋਹਰੀ ਸਥਾਨ ਹਾਸਲ ਕਰਨ ਵਾਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ ਅਤੇ ਅਕਾਦਮਿਕ ਸਪੋਰਟ ਗਰੁੱਪ ਦੇ ਰਿਸੋਰਸ ਪਰਸਨਜ ਨੂੰ ਵੀ ਸਨਮਾਨਿਤ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ