
ਪਟਿਆਲਾ, 6 ਦਸੰਬਰ (ਹਿੰ. ਸ.)। ਮੇਰਾ ਪਟਿਆਲਾ ਮੈਂ ਹੀ ਸਵਾਰਾ 'ਐਮਪੀਐਮਐਚਐਸ' ਦੀ 17 ਮੈਂਬਰੀ ਟੀਮ ਨੇ ਮਾਈਲਸਟੋਨ ਸਕੂਲ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਫਾਈ ਮੁਹਿੰਮ ਚਲਾਈ, ਜਿਸ ਵਿੱਚ ਸਕੂਲ ਦੀ ਪ੍ਰੀਫੈਕਚਰਲ ਬਾਡੀ ਅਤੇ ਈਕੋਲੋਜੀਕਲ ਕਲੱਬ ਦੇ ਮੈਂਬਰਾਂ ਸਮੇਤ 4ਵੀਂ ਤੋਂ 9ਵੀਂ ਜਮਾਤ ਦੇ 50 ਤੋਂ ਵੱਧ ਵਿਦਿਆਰਥੀਆਂ ਸਮੇਤ ਸਕੂਲ ਦੇ ਵਾਈਸ ਪ੍ਰਿੰਸੀਪਲ ਅਤੇ ਪੰਜ ਅਧਿਆਪਕਾਂ ਨੇ ਵੀ ਇਸ ਪਹਿਲਕਦਮੀ ਵਿੱਚ ਹਿੱਸਾ ਲਿਆ।
ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾ ਕੇ ਪਲਾਸਟਿਕ ਵੇਸਟ ਚੁਕਣਾ ਯਕੀਨੀ ਬਣਾਉਣ ਲਈ, ਸਾਰੇ ਵਿਦਿਆਰਥੀਆਂ ਨੂੰ ਪੰਜ ਸਮੂਹਾਂ ਵਿੱਚ ਵੰਡਕੇ, ਹਰੇਕ ਸਮੂਹ ਦੀ ਅਗਵਾਈ 3-4 ਐਮਪੀਐਮਐਚਐਸ ਮੈਂਬਰਾਂ ਦੇ ਨਾਲ ਇੱਕ ਸਕੂਲ ਅਧਿਆਪਕ ਨੇ ਕੀਤੀ। ਸਾਰੀਆਂ ਟੀਮਾਂ ਨੂੰ ਸੁਰੱਖਿਅਤ ਢੰਗ ਨਾਲ ਪਲਾਸਟਿਕ ਤੇ ਹੋਰ ਕੂੜਾ ਇਕੱਠਾ ਕਰਨ ਲਈ ਦਸਤਾਨੇ, ਕੂੜਾ ਪਾਉਣ ਲਈ ਬੈਗ ਅਤੇ ਲੋਹੇ ਦੀਆਂ ਰਾਡਾਂ ਦਿੱਤੀਆਂ ਗਈਆਂ।
ਟੀਮਾਂ ਨੇ ਸਕੂਲ ਦੇ ਨੇੜੇ ਦੀਆਂ ਗਲੀਆਂ, ਪਾਰਕਾਂ ਅਤੇ ਆਲੇ ਦੁਆਲੇ ਦੇ ਖੇਤਰਾਂ ਨੂੰ ਕਵਰ ਕੀਤਾ ਤੇ ਸਿਰਫ਼ 45 ਮਿੰਟਾਂ ਵਿੱਚ, ਲਗਭਗ 500 ਕਿਲੋਗ੍ਰਾਮ ਕੂੜਾ ਇਕੱਠਾ ਕੀਤਾ ਗਿਆ। ਵਿਦਿਆਰਥੀ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਸਾਫ਼-ਸੁਥਰੀਆਂ ਥਾਵਾਂ 'ਤੇ ਵੀ ਵੱਡੀ ਮਾਤਰਾ ਵਿੱਚ ਲੁਕਿਆ ਹੋਇਆ ਕੂੜਾ ਸੀ - ਜਿਸ ਵਿੱਚ ਸਕੂਲ ਦੀ ਕੰਧ ਦੇ ਸਿਰਫ਼ ਇੱਕ ਪਾਸੇ ਤੋਂ ਇਕੱਠਾ ਕੀਤਾ ਗਿਆ 25 ਕਿਲੋਗ੍ਰਾਮ ਕੂੜਾ ਵੀ ਸ਼ਾਮਲ ਸੀ। ਵਿਦਿਆਰਥੀਆਂ ਦੀ ਉਤਸ਼ਾਹ ਨਾਲ ਇਸ ਡਰਾਈਵ ਦੌਰਾਨ ਸ਼ਮੂਲੀਅਤ ਨੇ ਟੀਮ ਨੂੰ ਸੰਤੁਸ਼ਟੀ ਦਿੱਤੀ।
ਇਸ ਮੁਹਿੰਮ ਤੋਂ ਬਾਅਦ, ਵਿਦਿਆਰਥੀ ਸਕੂਲ ਵਾਪਸ ਪਰਤੇ, ਜਿੱਥੇ ਉਨ੍ਹਾਂ ਨੇ ਭਾਵੀਸ਼ਾ ਦੁਆਰਾ ਤਿਆਰ ਕੀਤੀ ਇੱਕ ਪ੍ਰਤੀਬਿੰਬਤ ਵਰਕਸ਼ੀਟ ਪੂਰੀ ਕੀਤੀ, ਜਿਸ ਵਿੱਚ ਉਨ੍ਹਾਂ ਦੇ ਨਿਰੀਖਣ, ਇਕੱਠੇ ਕੀਤੇ ਗਏ ਕੂੜੇ ਦੀ ਕਿਸਮ, ਉਨ੍ਹਾਂ ਦੀਆਂ ਭਾਵਨਾਵਾਂ ਅਤੇ ਅਨੁਭਵ ਤੋਂ ਮੁੱਖ ਸਿੱਟੇ ਨੋਟ ਕੀਤੇ ਗਏ।
ਵਿਦਿਆਰਥੀਆਂ ਨੂੰ ਜ਼ਿੰਮੇਵਾਰ ਆਦਤਾਂ ਅਪਣਾਉਣ, ਕੂੜਾ ਸੁੱਟਣ ਤੋਂ ਬਚਣ ਅਤੇ ਆਪਣੀਆਂ ਸਿੱਖਿਆਵਾਂ ਦੋਸਤਾਂ ਅਤੇ ਪਰਿਵਾਰ ਨਾਲ ਸਾਂਝੀਆਂ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਜਾਗਰੂਕਤਾ ਫੈਲਾਉਣ ਲਈ ਆਪਣੀਆਂ ਕਲਾਸਾਂ ‘ਚ ਵੀ ਗੱਲਬਾਤ ਕਰਨਗੇ। ਮਾਪਿਆਂ ਨਾਲ ਇੱਕ ਸੁਨੇਹਾ ਸਾਂਝਾ ਕੀਤਾ ਜਾਵੇਗਾ, ਅਤੇ ਸਵੇਰ ਦੀ ਸਭਾ ਦੌਰਾਨ ਗਤੀਵਿਧੀ ਬਾਰੇ ਇੱਕ ਸੰਖੇਪ ਪੇਸ਼ਕਾਰੀ ਦਿੱਤੀ ਜਾਵੇਗੀ।
ਪ੍ਰਿੰਸੀਪਲ ਮਨਵੀਨ ਔਜਲਾ ਨੇ ਮੇਰਾ ਪਟਿਆਲਾ ਮੈਂ ਹੀ ਸਵਾਰਾ ਟੀਮ ਦਾ ਇਸ ਪਹਿਲਕਦਮੀ ਲਈ ਧੰਨਵਾਦ ਕੀਤਾ ਅਤੇ ਅਜਿਹੀਆਂ ਜਾਗਰੂਕਤਾ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਸਕੂਲ ਦੀ ਵਚਨਬੱਧਤਾ ਪ੍ਰਗਟ ਕੀਤੀ।
ਮੇਰਾ ਪਟਿਆਲਾ ਮੈਂ ਹੀ ਸਵਾਰਾ ਟੀਮ ਦੇ ਮੈਂਬਰਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਇਸ ਮੁਹਿੰਮ ਨੇ 51 ਨੌਜਵਾਨ ਵਿਦਿਆਰਥੀਆਂ ਵਿੱਚ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੇ ਬੀਜ ਬੀਜਣ ਵਿੱਚ ਮਦਦ ਕੀਤੀ, ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿੱਚ ਇਸਦਾ ਪ੍ਰਭਾਵ ਲਾਜ਼ਮੀ ਵਧੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ