
ਕੁਰਾਲੀ (ਐਸ.ਏ.ਐਸ. ਨਗਰ), 6 ਦਸੰਬਰ (ਹਿੰ. ਸ.)। ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਚਨਾਲੋਂ ਇੰਡਸਟਰੀਅਲ ਫੋਕਲ ਪੁਆਇੰਟ ਦਾ ਦੌਰਾ ਕਰਕੇ ਇੱਥੋਂ ਦੀਆਂ ਨਗਰਿਕ ਸਹੂਲਤਾਂ, ਉਦਯੋਗਿਕ ਬੁਨਿਆਦੀ ਢਾਂਚੇ ਅਤੇ ਲੰਬੇ ਸਮੇਂ ਤੋਂ ਲੰਬਿਤ ਮਸਲਿਆਂ ਦੀ ਸਮੀਖਿਆ ਕੀਤੀ। ਦੌਰੇ ਦੌਰਾਨ ਉਨ੍ਹਾਂ ਨੇ ਉਦਯੋਗਿਕ ਐਸੋਸੀਏਸ਼ਨ ਵੱਲੋਂ ਉਠਾਏ ਗਏ ਪ੍ਰਮੁੱਖ ਮਸਲਿਆਂ ਦੇ ਸਮਾਂ ਬੱਧ ਨਿਪਟਾਰੇ ਲਈ ਸੰਬੰਧਤ ਵਿਭਾਗਾਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਵਰਮਾ ਨੇ ਐਮ ਸੀ ਕੁਰਾਲੀ ਅਤੇ ਪੰਜਾਬ ਲਘੂ ਸਨਅਤੀ ਨਿਰਯਾਤ ਨਿਗਮ (ਪੀ.ਐਸ.ਆਈ.ਈ.ਸੀ.) ਨੂੰ ਨਿਰਦੇਸ਼ ਦਿੱਤਾ ਕਿ ਸੀਵਰੇਜ ਸਫ਼ਾਈ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਇਸਦਾ ਪੱਕਾ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਰੱਦ ਕੀਤੇ ਉਦਯੋਗਿਕ ਪਲਾਟਾਂ ਦੀ ਦੁਬਾਰਾ ਅਲਾਟਮੈਂਟ ਪੀ.ਐਸ.ਆਈ.ਈ.ਸੀ. ਵੱਲੋਂ ਪੂਰੀ ਤਰ੍ਹਾਂ ਮੈਰਿਟ ਅਧਾਰਿਤ ਤਰੀਕੇ ਨਾਲ ਕੀਤੀ ਜਾਵੇਗੀ।
ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਉਦਯੋਗਿਕ ਇਲਾਕੇ ਦੇ ਵਾਤਾਵਰਣ ਨੂੰ ਸੁਧਾਰਨ ਲਈ ਗ੍ਰੀਨ ਬੈਲਟ ਦੀ ਸੰਭਾਲ ਸੰਬੰਧਤ ਵਿਭਾਗ ਵੱਲੋਂ ਕੀਤੀ ਜਾਵੇ ਜਾਂ ਇਸਦੇ ਪ੍ਰਬੰਧ ਦੀ ਜ਼ਿੰਮੇਵਾਰੀ ਉਦਯੋਗਿਕ ਐਸੋਸੀਏਸ਼ਨ ਨੂੰ ਸੌਂਪੀ ਜਾਵੇ ਤਾਂ ਜੋ ਇਸਦੀ ਸੁਚੱਜੇ ਢੰਗ ਨਾਲ ਦੇਖਭਾਲ ਹੋ ਸਕੇ।
ਵਰਮਾ ਨੇ ਇੰਟਰਲਾਕਿੰਗ ਟਾਇਲਾਂ ਦੇ ਕੰਮ ਨੂੰ ਇੱਕ ਮਹੀਨੇ ਅੰਦਰ ਮੁਕੰਮਲ ਕਰਨ ਲਈ ਸਮਾਂ-ਸੀਮਾ ਨਿਰਧਾਰਤ ਕੀਤੀ—ਪਰ ਨਾਲ ਹੀ ਕਿਹਾ ਕਿ ਇਹ ਕੰਮ ਤਦੋਂ ਹੀ ਸ਼ੁਰੂ ਕੀਤਾ ਜਾਵੇ ਜਦੋਂ ਸਾਰੀਆਂ ਸੀਵਰੇਜ ਸੰਬੰਧੀ ਸਮੱਸਿਆਵਾਂ ਪੂਰੀ ਤਰ੍ਹਾਂ ਠੀਕ ਹੋ ਜਾਣ। ਉਨ੍ਹਾਂ ਨੇ ਐਮ ਸੀ ਕੁਰਾਲੀ ਨੂੰ ਮੁੱਖ ਸੜਕ ਉੱਤੇ ਹੋਏ ਆਰਜ਼ੀ ਕਬਜ਼ਿਆਂ ਨੂੰ ਹਟਾ ਕੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਵੀ ਨਿਰਦੇਸ਼ਿਤ ਕੀਤਾ।
ਦੌਰੇ ਦੌਰਾਨ ਰਾਮ ਸਰੂਪ ਸ਼ਰਮਾ, ਐਮ ਸੀ ਅਤੇ ਮੈਂਬਰ ਜ਼ਿਲ੍ਹਾ ਯੋਜਨਾ ਕਮੇਟੀ; ਸੁਰਿੰਦਰ ਸਿੰਘ, ਮੈਂਬਰ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਐਡਵਾਈਜ਼ਰੀ ਕਮੇਟੀ ਮੋਹਾਲੀ; ਗੁਰਮੇਲ ਸਿੰਘ, ਸਾਬਕਾ-ਐਮ ਸੀ; ਡਾ. ਸ਼ੇਖਰ ਜਿੰਦਲ, ਜਨਰਲ ਸਕੱਤਰ, ਚਨਾਲੋਂ ਇੰਡਸਟਰੀ ਐਸੋਸੀਏਸ਼ਨ; ਯਸ਼ਪਾਲ ਬਾਂਸਲ, ਪ੍ਰਧਾਨ ਕਰਿਆਨਾ ਐਸੋਸੀਏਸ਼ਨ; ਨਵਜੋਤ ਸਿੰਘ; ਅਤੇ ਕਾਰਜਕਾਰੀ ਮੈਂਬਰ ਸਾਹਿਲ ਧੀਮਾਨ ਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।
ਐਸੋਸੀਏਸ਼ਨ ਵੱਲੋਂ ਪਰਮਿੰਦਰ ਸਿੰਘ ਮਾਂਗਟ ਨੇ ਕਮਿਸ਼ਨ ਮੈਂਬਰ ਦਾ ਫੋਕਲ ਪੁਆਂਇੰਟ ਦੇ ਦੌਰੇ ਅਤੇ ਉਦਯੋਗ ਨਾਲ ਜੁੜੀਆਂ ਪ੍ਰਮੁੱਖ ਚਿੰਤਾਵਾਂ ਨੂੰ ਤਰਜੀਹ ਨਾਲ ਹੱਲ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਅਮਨਦੀਪ ਸਿੰਘ, ਕਾਰਜਕਾਰੀ ਇੰਜੀਨੀਅਰ, ਪੀ.ਐਸ.ਆਈ.ਈ.ਸੀ. ਅਤੇ ਦਿਲਪ੍ਰੀਤ ਸਿੰਘ, ਜੇ.ਈ.; ਐਮ ਸੀ ਕੁਰਾਲੀ ਵੱਲੋਂ ਜੇ.ਈਜ਼ ਜਸਵੰਤ ਸਿੰਘ ਅਤੇ ਅਸ਼ੋਕ ਵੀ ਮੌਜੂਦ ਸਨ।
ਉਦਯੋਗਪਤੀਆਂ ਨੇ ਕਿਹਾ ਕਿ ਦੌਰੇ ਦੌਰਾਨ ਜਾਰੀ ਕੀਤੇ ਤੁਰੰਤ ਦਿਸ਼ਾਂ ਨਾਲ ਉਨ੍ਹਾਂ ਵਿੱਚ ਉਮੀਦ ਜਾਗੀ ਹੈ ਕਿ ਸੰਬੰਧਤ ਵਿਭਾਗ ਜਲਦੀ ਕਾਰਵਾਈ ਕਰਕੇ ਇਨ੍ਹਾਂ ਮਸਲਿਆਂ ਦਾ ਨਿਪਟਾਰਾ ਕਰਨਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ