
ਬੁਢਲਾਡਾ, 8 ਦਸੰਬਰ (ਹਿੰ. ਸ.)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਪਰਸਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਦੂਸ਼ਣ ਕੰਟਰੋਲ ਬੋਰਡ ਮਾਨਸਾ ਦੀ ਟੀਮ ਵਲੋਂ ਐੱਸ ਡੀ ਓ ਹਰਮਨਦੀਪ ਸਿੰਘ ਦੀ ਅਗਵਾਈ ਹੇਠ ਐਮਆਰਐਫ ਸੈਂਟਰ ਬੁਢਲਾਡਾ ਦਾ ਨਿਰੀਖਣ ਕੀਤਾ ਗਿਆ ਅਤੇ ਸਫਾਈ ਸੇਵਕਾਂ ਨੂੰ ਕੂੜੇ ਦੇ ਪ੍ਰਬੰਧਨ ਅਤੇ ਠੋਸ-ਕੂੜੇ ਨੂੰ ਸਾੜਨ ਨਾਲ ਹੋਣ ਵਾਲੇ ਸਿਹਤ ਅਤੇ ਵਾਤਾਵਰਨ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਸਫ਼ਾਈ ਕਾਮਿਆਂ ਨੂੰ ਗਲਣਯੋਗ ਅਤੇ ਨਾ ਗਲਣਯੋਗ ਕੂੜੇ ਅਤੇ ਨਵਿਆਉਣਯੋਗ ਰਹਿੰਦ-ਖੂੰਹਦ ਨੂੰ ਵੱਖ ਕਰਨ ਦੇ ਸਹੀ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਠੋਸ ਰਹਿੰਦ-ਖੂੰਹਦ ਨੂੰ ਸਾੜਨ ਦੇ ਨੁਕਸਾਨਦੇਹ ਪ੍ਰਭਾਵਾਂ, ਜਿਸ ਵਿੱਚ ਹਵਾ ਪ੍ਰਦੂਸ਼ਣ, ਸਿਹਤ ਜ਼ੋਖਮ ਅਤੇ ਵਾਤਾਵਰਣ ਦੇ ਵਿਗਾੜ ਸ਼ਾਮਲ ਹਨ, ਤੋਂ ਵੀ ਜਾਣੂ ਕਰਵਾਇਆ ਗਿਆ ਅਤੇ ਅਜਿਹਾ ਨਾ ਕਰਨ ਬਾਰੇ ਕਿਹਾ ਗਿਆ।
ਇਸ ਮੌਕੇ ਟੀਮ ਨੇ ਕਾਮਿਆਂ ਨੂੰ ਆਪਣੇ ਰੋਜ਼ਾਨਾ ਕੰਮ ਵਿੱਚ ਨਿਯਮਿਤ ਤੌਰ 'ਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਵਾਤਾਵਰਨ ਤੇ ਆਲੇ ਦੁਆਲੇ ਦੀ ਸਾਫ ਸਫਾਈ ਅਤੇ ਸੰਭਾਲ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ