ਜ਼ੀਰਕਪੁਰ (ਐਸ ਏ ਐਸ ਨਗਰ), 28 ਸਤੰਬਰ (ਹਿੰ. ਸ.)। ਜ਼ੀਰਕਪੁਰ ਦੇ ਨਾਭਾ ਪਿੰਡ ਵਿੱਚ ਡਾਇਰਿਆ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸਥਿਤੀ ਨੂੰ ਕਾਬੂ ਕਰਨ ਅਤੇ ਲੋਕਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ, ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਐਤਵਾਰ ਸ਼ਾਮ ਨੂੰ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸ਼ੁੱਧ ਪਾਣੀ ਦੇ ਸ਼ੱਕੀ ਸਰੋਤ ਦਾ ਮੁੱਢਲੇ ਤੌਰ ਤੇ ਪਾਣੀ ਸਪਲਾਈ ਪਾਈਪਲਾਈਨ ਵਿੱਚ ਲੀਕੇਜ ਹੋਣ ਦਾ ਪਤਾ ਲੱਗਿਆ ਹੈ, ਜਿਸਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਲਗਭਗ 300 ਘਰੇਲੂ ਕੁਨੈਕਸ਼ਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਅਤ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣ ਲਈ, ਅੱਠ ਟੈਂਕਰਾਂ ਨੂੰ ਸੇਵਾ ਵਿੱਚ ਲਗਾਇਆ ਗਿਆ ਹੈ, ਜਿਨ੍ਹਾਂ ਵੱਲੋਂ ਸਮੂਹਿਕ ਤੌਰ 'ਤੇ ਪ੍ਰਭਾਵਿਤ ਖੇਤਰ ਵਿੱਚ ਲਗਭਗ 40 ਸਪਲਾਈ ਚੱਕਰ ਲਗਾਏ ਗਏ।
ਮਿੱਤਲ ਨੇ ਅੱਗੇ ਕਿਹਾ ਕਿ ਇਕੱਠੇ ਕੀਤੇ ਪਾਣੀ ਦੇ ਨਮੂਨਿਆਂ ਦੀ ਜਾਂਚ ਦੇ ਨਤੀਜੇ ਆਉਣ ਤੱਕ ਵਸਨੀਕਾਂ ਨੂੰ ਟੂਟੀ ਦੇ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸਰੋਤ ਤੋਂ ਆਉਂਦੇ ਪਾਣੀ ਦੇ ਨਾਲ-ਨਾਲ ਘਰੇਲੂ ਕੁਨੈਕਸ਼ਨਾਂ ਤੋਂ ਨਮੂਨੇ ਲਏ ਜਾ ਰਹੇ ਹਨ। ਸਥਾਈ ਹੱਲ ਲਈ, ਇੱਕ ਨਵੀਂ ਪਾਈਪਲਾਈਨ ਵਿਛਾਈ ਜਾ ਰਹੀ ਹੈ ਅਤੇ ਅਗਲੇ ਦੋ ਹਫ਼ਤਿਆਂ ਵਿੱਚ, ਪੁਰਾਣੀ ਲਾਈਨ ਦੇ ਬਦਲ ਵਜੋਂ ਕਾਰਜਸ਼ੀਲ ਹੋ ਜਾਵੇਗੀ।
ਡੀ ਸੀ ਨੇ ਅੱਗੇ ਕਿਹਾ ਕਿ ਐਸ ਡੀ ਐਮ, ਡੇਰਾਬੱਸੀ ਅਮਿਤ ਗੁਪਤਾ ਨੇ ਵੀ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ ਅਤੇ ਪ੍ਰੋਟੋਕੋਲ/ਐਸਓਪੀ ਅਨੁਸਾਰ ਸਭ ਕੁਝ ਯਕੀਨੀ ਬਣਾਇਆ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਿਹਤ ਵਿਭਾਗ ਨੇ ਮੈਡੀਕਲ ਕੈਂਪ ਲਾਏ ਹਨ, ਘਰ-ਘਰ ਸਰਵੇਖਣ ਕੀਤੇ ਹਨ, ਅਤੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਹਨ ਅਤੇ ਉਨ੍ਹਾਂ ਦੀ ਵਰਤੋਂ ਲਈ ਲੋੜੀਂਦੇ ਨਿਰਦੇਸ਼ ਦਿੱਤੇ ਹਨ। ਡੀਹਾਈਡਰੇਸ਼ਨ ਨੂੰ ਰੋਕਣ ਲਈ ਲੋਕਾਂ ਨੂੰ ਓ ਆਰ ਐਸ ਪਾਊਚ ਵੀ ਪ੍ਰਦਾਨ ਕੀਤੇ ਗਏ ਹਨ।
ਡਾ. ਹਰਮਨ ਬਰਾੜ, ਐਪਰੀਡੀਓਮੋਲੋਜਿਸਟ (ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ) ਨੇ ਦੱਸਿਆ ਕਿ ਡਾਇਰਿਆ ਕੰਟਰੋਲ ਵਿੱਚ ਹੈ, ਅੱਜ ਸਿਰਫ 6-7 ਹਲਕੇ ਲੱਛਣਾਂ ਵਾਲੇ ਕੇਸ ਰਿਪੋਰਟ ਹੋਏ ਹਨ। ਮੈਡੀਕਲ ਟੀਮਾਂ ਅਲਰਟ 'ਤੇ ਹਨ ਅਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਕਰ ਰਹੀਆਂ ਹਨ।
ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਗਲੇ ਨੋਟਿਸ ਤੱਕ ਚੌਕਸ ਰਹਿਣ, ਸਿਹਤ ਸਲਾਹ ਦੀ ਪਾਲਣਾ ਕਰਨ ਅਤੇ ਫੀਲਡ ਟੀਮਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ