ਧਨੌਲਾ, 28 ਸਤੰਬਰ (ਹਿੰ. ਸ.)। ਸਥਾਨਕ ਸੰਤ ਅਤਰ ਸਿੰਘ ਨਗਰ ਵਾਰਡ ਨੰਬਰ 4 ਵਿਖੇ ਸੀਵਰੇਜ ਪ੍ਰਣਾਲੀ ਤੇ ਇੰਟਰਲੌਕ ਟਾਈਲਾਂ ਪਾਏ ਜਾਣ ਦੇ ਕਾਰਜ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਆਜ਼ਾਦੀ ਉਪਰੰਤ ਦੇਸ਼ ਵਿੱਚ ਵੱਖ-ਵੱਖ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਰਹੀਆਂ ਪਰ ਜੋ ਵਿਕਾਸ ਕਾਰਜ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ ਹੋਏ ਹਨ ਜਾਂ ਹੋ ਰਹੇ ਹਨ ਉਹਨਾਂ ਦਾ 10ਵਾਂ ਹਿੱਸਾ ਵੀ ਪਹਿਲਾਂ ਕਦੇ ਨਹੀਂ ਹੋਇਆ। ਸੰਤ ਅਤਰ ਸਿੰਘ ਨਗਰ ਦੇ ਪ੍ਰਧਾਨ ਮਨਦੀਪ ਸਿੰਘ ਧਾਲੀਵਾਲ, ਸਰਪ੍ਰਸਤ ਰਘਵੀਰ ਸਿੰਘ ਚੰਗਾਲ ਤੇ ਲਛਮਣ ਸਿੰਘ ਮਹਿਮੀ ਨੇ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਸਾਡੇ ਮੁਹੱਲੇ ਦਾ ਵਿਕਾਸ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਅਸੀਂ ਮੀਤ ਹੇਅਰ ਦੇ ਹਮੇਸ਼ਾ ਰਿਣੀ ਰਹਾਂਗੇ ਤੇ ਉਹਨਾਂ ਦੇ ਹਰ ਹੁਕਮ ‘ਤੇ ਫੁੱਲ ਚੜਾਉਂਦੇ ਰਹਾਂਗੇ। ਇਸ ਮੌਕੇ ਤਕਰੀਬਨ 1 ਕਰੋੜ 58 ਲੱਖ ਦੇ ਸੀਵਰੇਜ ਪ੍ਰਣਾਲੀ ਤੇ ਇੰਟਰਲੌਕ ਟਾਈਲਾਂ ਪਾਏ ਜਾਣ ਦਾ ਨੀਹ ਪੱਥਰ ਰੱਖਿਆ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ