ਫਾਜ਼ਿਲਕਾ, 28 ਸਤੰਬਰ (ਹਿੰ. ਸ.)। ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ 25 ਦਿਨਾਂ ਤੋਂ ਚੱਲ ਰਹੇ ਲਗਾਤਾਰ ਹੜ੍ਹ ਰਾਹਤ ਕਾਰਜਾਂ ਉਪਰੰਤ, ਜੋਤੀ ਫਾਊਂਡੇਸ਼ਨ ਨੇ ਰਾਹਤ ਕਾਰਜਾਂ ਦੇ ਪਹਿਲੇ ਪੜਾਅ ਦੇ ਅੰਤ ਦੇ ਨਾਲ, ਐਮਰਜੈਂਸੀ ਬਚਾਅ ਤੋਂ ਰਿਕਵਰੀ ਅਤੇ ਇਸ ਸਥਿਤੀ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਵੱਲ ਕਦਮ ਵਧਾਉਂਦਿਆਂ ਰਸਮੀ ਤੌਰ 'ਤੇ 14 ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੁਨਰ ਨਿਰਮਾਣ, ਪੁਨਰਵਾਸ ਅਤੇ ਆਫ਼ਤ ਨਾਲ ਨਜਿੱਠਣ ਸਬੰਧੀ ਤਿਆਰੀਆਂ ਨਾਲ ਸਸ਼ਕਤ ਬਣਾਉਣ ਲਈ ਇਹਨਾਂ ਪਿੰਡਾਂ ਨੂੰ ਗੋਦ ਲਿਆ ਹੈ।
ਰਾਹਤ ਕਾਰਜਾਂ ਦੇ ਪਹਿਲੇ 15 ਦਿਨਾਂ ਦੌਰਾਨ, ਜੋਤੀ ਫਾਊਂਡੇਸ਼ਨ ਨੇ ਕਿਸ਼ਤੀਆਂ ਰਾਹੀਂ ਵਿਆਪਕ ਬਚਾਅ ਕਾਰਜਾਂ ਦੀ ਅਗਵਾਈ ਕਰਦਿਆਂ ਹੜ੍ਹਾਂ ਵਿੱਚ ਫਸੇ ਪਰਿਵਾਰਾਂ ਅਤੇ ਪਸ਼ੂਆਂ ਨੂੰ ਕੱਢਣ, ਮੁੱਢਲੀ ਸਹਾਇਤਾ ਪ੍ਰਦਾਨ ਕਰਨ, ਐਮਰਜੈਂਸੀ ਰਾਹਤ ਪ੍ਰਦਾਨ ਕਰਨ ਅਤੇ ਸੱਪਾਂ ਨੂੰ ਬਚਾਉਣ ਲਈ ਰੋਜ਼ਾਨਾ 8-9 ਘੰਟੇ ਕੰਮ ਕੀਤਾ। ਮੁਲਾਂਕਣ ਮੁਤਾਬਕ ਹੜ੍ਹਾਂ ਕਾਰਨ 12,988 ਲੋਕ ਪ੍ਰਭਾਵਿਤ ਹੋਏ, 3,309 ਪਰਿਵਾਰ ਪ੍ਰਭਾਵਿਤ ਹੋਏ, 7,365 ਏਕੜ ਖੇਤਯੋਗ ਰਕਬਾ ਪਾਣੀ ਵਿੱਚ ਡੁੱਬ ਗਿਆ ਅਤੇ 8,000 ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ।
ਹੁਣ ਪਾਣੀ ਦਾ ਪੱਧਰ ਘਟਣ ਨਾਲ, ਫਾਊਂਡੇਸ਼ਨ ਨੇ ਰਾਹਤ ਅਤੇ ਰਿਕਵਰੀ ਕਾਰਜਾਂ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ। 4,500 ਤੋਂ ਵੱਧ ਪਰਿਵਾਰਕ ਰਾਹਤ ਕਿੱਟਾਂ ਵੰਡੀਆਂ ਗਈਆਂ ਹਨ ਅਤੇ 14 ਪਿੰਡਾਂ ਦੇ 10,000 ਤੋਂ ਵੱਧ ਨਾਗਰਿਕਾਂ ਨੂੰ ਸਿੱਧੇ ਤੌਰ ‘ਤੇ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਮੈਡੀਕਲ ਟੀਮਾਂ ਵੱਲੋਂ ਮਲੇਰੀਆ, ਡੇਂਗੂ ਅਤੇ ਦਸਤ ਦੀਆਂ ਬਿਮਾਰੀਆਂ ਦੇ ਪ੍ਰਕੋਪ ਨੂੰ ਰੋਕਣ ਲਈ ਜ਼ਰੂਰੀ ਉਪਾਅ ਕੀਤੇ ਜਾ ਰਹੇ ਹਨ ਅਤੇ ਕੀਟਾਣੂ-ਰਹਿਤ ਮੁਹਿੰਮਾਂ ਜਿਵੇਂ ਫੌਗਿੰਗ, ਕਲੋਰੀਨੇਸ਼ਨ ਅਤੇ ਪਾਣੀ ਦੇ ਨਮੂਨਿਆਂ ਦੀ ਜਾਂਚ ਜਾਰੀ ਹੈ।
ਜੋਤੀ ਫਾਊਂਡੇਸ਼ਨ ਨੇ ਸਰਹੱਦੀ ਪਿੰਡ ਗੁਲਾਬਾ ਭੈਣੀ ਦੇ ਸਕੂਲ ਨੂੰ ਮੁੜ ਕਾਰਜਸ਼ੀਲ ਕੀਤਾ ਅਤੇ ਸਕੂਲ ਦੇ ਰੱਖ-ਰਖਾਅ, ਸੈਨੀਟਾਈਜ਼ੇਸ਼ਨ, ਫੌਗਿੰਗ, ਸੋਲਰ ਲਾਈਟਾਂ ਲਗਾਉਣ ਅਤੇ ਚਿੱਕੜ ਅਤੇ ਮਲਬੇ ਨੂੰ ਕੱਢਣ ਲਈ ਸਰਗਰਮੀ ਨਾਲ ਕੰਮ ਕੀਤਾ ਤਾਂ ਜੋ ਬੱਚੇ ਸੁਰੱਖਿਅਤ ਢੰਗ ਨਾਲ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰ ਸਕਣ।
ਜੋਤੀ ਫਾਊਂਡੇਸ਼ਨ ਦੇ ਸੰਸਥਾਪਕ ਅਜੀਤ ਬਰਾੜ, ਜੋ ਨਿੱਜੀ ਤੌਰ 'ਤੇ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ, ਜਦੋਂ ਤੁਸੀਂ ਕਿਸੇ ਬਚਾਅ ਕਿਸ਼ਤੀ ਵਿੱਚ ਹੁੰਦੇ ਹੋ ਅਤੇ ਪਰਿਵਾਰਾਂ ਨੂੰ ਛੱਤਾਂ ਤੋਂ ਭੋਜਨ ਅਤੇ ਪਾਣੀ ਲਈ ਆਵਾਜ਼ਾਂ ਮਾਰਦੇ ਅਤੇ ਹੱਥ ਹਿਲਾਉਂਦੇ ਦੇਖਦੇ ਹੋ, ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਿਰਫ਼ ਅੰਕੜੇ ਨਹੀਂ ਹਨ - ਇਹ ਜਿੰਦਗੀਆਂ ਬਚਾਉਣ ਦਾ ਸਵਾਲ ਹੈ। ਰਾਹਤ ਬਹੁਤ ਜ਼ਰੂਰੀ ਹੈ, ਪਰ ਮੁਸ਼ਕਲ ਸਮੇਂ ਵਿੱਚੋਂ ਕੱਢਣਾ ਵੀ ਬੇਹੱਦ ਜ਼ਰੂਰੀ ਹੈ।
ਰਾਹਤ ਕਾਰਜਾਂ ਦਾ ਦੂਜਾ ਪੜਾਅ ਲੰਬੇ ਸਮੇਂ ਦੀ ਰਿਕਵਰੀ ‘ਤੇ ਕੇਂਦਰਤ ਰਹੇਗਾ। ਜੋਤੀ ਫਾਊਂਡੇਸ਼ਨ ਵੱਲੋਂ ਅਜਿਹੇ ਬੁਨਿਆਦੀ ਢਾਂਚੇ ਨੂੰ ਡਿਜ਼ਾਈਨ ਕਰਨ ਲਈ ਆਰਕੀਟੈਕਟਾਂ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਹੜ੍ਹ ਅਤੇ ਆਫ਼ਤ ਦਾ ਸਾਹਮਣਾ ਕਰਨ ਦੇ ਸਮਰੱਥ ਹੋਵੇ। ਇਸ ਦੇ ਨਾਲ ਹੀ ਆਫ਼ਤ ਸਬੰਧੀ ਸਿਖਲਾਈ ਤੇ ਤਿਆਰੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਦਾ ਉਦੇਸ਼ ਸਮਾਜ ਦੇ ਸਭ ਤੋਂ ਸੰਵੇਦਨਸ਼ੀਲ ਵਰਗਾਂ 'ਤੇ ਵਿਸ਼ੇਸ਼ ਧਿਆਨ ਕੇਂਦ੍ਰਤ ਕਰਦਿਆਂ ਸਥਾਈ ਅਤੇ ਆਫ਼ਤਾਂ ਦਾ ਮੁਕਾਬਲੇ ਕਰਨ ਲਈ ਭਾਈਚਾਰਿਆਂ ਨੂੰ ਸਸ਼ਕਤ ਬਣਾਉਣਾ ਹੈ।
ਇਸ ਮੁਸ਼ਕਲ ਘੜੀ ਵਿੱਚ ਫਸੇ ਲੋਕਾਂ ਲਈ ਲੰਬੇ ਸਮੇਂ ਦੀ ਰਾਹਤ ਪ੍ਰਦਾਨ ਕਰਨ ਹਿੱਤ ਪਹਿਲਾਂ ਹੀ ਰਣਨੀਤਕ ਭਾਈਵਾਲੀਆਂ ਯਕੀਨੀ ਬਣਾਈਆਂ ਗਈਆਂ ਹਨ। ਇਸ ਸਬੰਧ ਵਿੱਚ, ਜ਼ੋਮੈਟੋ ਨੇ ਗੋਦ ਲਏ ਸਾਰੇ 14 ਪਿੰਡਾਂ ਲਈ ਲੰਬੇ ਸਮੇਂ ਤੱਕ ਰਾਸ਼ਨ ਸਬੰਧੀ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ ਜਦੋਂ ਕਿ ਸੀਡਜ਼ ਇੰਡੀਆ ਨੇ ਆਸਰਾ, ਭਾਂਡੇ ਅਤੇ ਵਾਸ਼ ਕਿੱਟਾਂ ਪ੍ਰਦਾਨ ਕੀਤੀਆਂ ਹਨ। ਇਸ ਤੋਂ ਇਲਾਵਾ ਇਸ ਸਥਿਤੀ ਵਿੱਚੋਂ ਨਿਕਲਣ ਲਈ ਅਹਿਮ ਪਹਿਲਕਦਮੀਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਜੋਤੀ ਫਾਊਂਡੇਸ਼ਨ ਦੇ ਚੇਅਰਪਰਸਨ ਪ੍ਰਭਕਿਰਨ ਬਰਾੜ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਮੱਗਰੀ ਪ੍ਰਦਾਨ ਕਰਨ ਤੋਂ ਇਲਾਵਾ, ਮੁੱਖ ਉਦੇਸ਼ ਉਨ੍ਹਾਂ ਬੱਚਿਆਂ ਨੂੰ ਸਦਮੇ ਵਿੱਚੋਂ ਬਾਹਰ ਕੱਢਣਾ ਹੈ ਜਿਨ੍ਹਾਂ ਨੇ ਹੜ੍ਹਾਂ ਦੀ ਇਸ ਭਿਆਨਕ ਤਬਾਹੀ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ।
ਦੱਸਣਯੋਗ ਹੈ ਕਿ ਜੋਤੀ ਫਾਊਂਡੇਸ਼ਨ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਪੰਜਾਬ ਅਤੇ ਇਸ ਤੋਂ ਬਾਹਰ ਜਲ ਸੁਰੱਖਿਆ, ਵਾਤਾਵਰਣ ਸਥਿਰਤਾ, ਆਫ਼ਤ ਨਾਲ ਨਜਿੱਠਣ ਅਤੇ ਜਨਤਕ ਸਿਹਤ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਸਬੂਤ-ਅਧਾਰਤ ਦਖਲ ਅਤੇ ਮਜ਼ਬੂਤ ਭਾਈਚਾਰਕ ਸਮਰਥਨ ਰਾਹੀਂ, ਫਾਊਂਡੇਸ਼ਨ ਰਾਹਤ ਅਤੇ ਆਫ਼ਤ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ