ਸੰਗਰੂਰ, 30 ਸਤੰਬਰ (ਹਿੰ. ਸ.)। ਨੇੜਲੇ ਪਿੰਡ ਚੱਠਾ ਨਨਹੇੜਾ ਦੇ ਮਨਜੀਤ ਸਿੰਘ ਦਾ ਬ੍ਰਾਂਡ “ਪਿੰਡ-ਮੇਡ” ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕਿਸਾਨ ਮੇਲੇ ਦੌਰਾਨ ਲਾਂਚ ਕੀਤਾ ਗਿਆ I ਮਨਜੀਤ ਸਿੰਘ ਦੇ ਮਾਤਾ ਰਜਿੰਦਰ ਕੌਰ ਅਤੇ ਪਿਤਾ ਨੈਬ ਸਿੰਘ ਸਾਲ 2016 ਤੋਂ “ਕਿਰਤ” ਸਵੈ-ਸਹਾਇਤਾ ਸਮੂਹ ਚਲਾ ਰਹੇ ਹਨ। ਜਿਸ ਵਿੱਚ ਮਨਜੀਤ ਸਿੰਘ ਵੀ ਆਪਣੇ ਮਾਤਾ-ਪਿਤਾ ਨਾਲ ਕੰਮ ਵਿੱਚ ਹੱਥ ਵਟਾਉਂਦਾ ਸੀ। ਕਿਰਤ ਸਵੈ-ਸਹਾਇਤਾ ਸਮੂਹ ਵੱਖ-ਵੱਖ ਤਰੀਕੇ ਦੇ ਅਚਾਰ ਅਤੇ ਘਰੇਲੂ ਮਸਾਲੇ ਤਿਆਰ ਕਰ ਰਿਹਾ ਹੈ। ਇਹ ਕੰਮ ਉਹਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਤੋਂ ਸਿਖਲਾਈ ਪ੍ਰਾਪਤ ਕਰਨ ਉਪਰੰਤ ਸ਼ੁਰੂ ਕੀਤਾ ਸੀ। ਸਮੇਂ ਦੇ ਨਾਲ ਉਨ੍ਹਾਂ ਦੇ ਉਤਪਾਦ ਉੱਚ-ਗੁਣਵੱਤਾ ਅਤੇ ਰਵਾਇਤੀ ਸਵਾਦ ਕਰਕੇ ਪੰਜਾਬ ਵਿੱਚ ਕਾਫੀ ਪ੍ਰਸਿੱਧ ਹੋ ਗਏI
ਡਾ. ਮਨਦੀਪ ਸਿੰਘ (ਇੰਚਾਰਜ), ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ“ਪਿੰਡ-ਮੇਡ”ਬਰਾਂਡ ਅਧੀਨ ਹੁਣ ਉਹ ਵੱਖ-ਵੱਖ ਤਰ੍ਹਾਂ ਦੇ ਆਚਾਰ, ਮੁਰੱਬੇ, ਚਟਣੀਆਂ ਅਤੇ ਘਰੇਲੂ ਮਸਾਲੇ ਤਿਆਰ ਕਰ ਰਹੇ ਹਨ। ਇਨ੍ਹਾਂ ਵੱਲੋਂ ਬਣਾਏ ਗਏ ਸਾਰੇ ਉਤਪਾਦ ਬਹੁਤ ਹੀ ਸਫ਼ਾਈ ਨਾਲ ਤਿਆਰ ਕਰਕੇ ਵਧੀਆ ਢੰਗ ਨਾਲ ਪੈਕ ਕੀਤੇ ਜਾਂਦੇ ਹਨ। ਖਾਸ ਗੱਲ ਹੈ ਕਿ ਮਨਜੀਤ ਸਿੰਘ ਨੇ ਸ਼ੁਰੂਆਤ ਵਿੱਚ ਕੈਨੇਡਾ ਜਾਣ ਦੀ ਇੱਛਾ ਜ਼ਾਹਿਰ ਕੀਤੀ ਸੀ ਪਰ ਹੁਣ ਉਸ ਨੇ ਆਪਣੇ ਵਿਚਾਰ ਬਦਲ ਕੇ ਆਪਣੇ ਜ਼ਿਲ੍ਹੇ ਵਿੱਚ ਹੀ ਆਪਣੇ ਪਰਿਵਾਰ ਨਾਲ ਰਹਿ ਕੇ ਰੋਜ਼ਗਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ I ਆਪਣੇ ਪਰਿਵਾਰ ਦੇ ਪੂਰੇ ਸਹਿਯੋਗ ਨਾਲ ਅੱਜ ਉਹ ਇੱਕ ਸਫ਼ਲ ਵਪਾਰ ਖੜਾ ਕਰਨ ਵਿੱਚ ਕਾਮਯਾਬ ਹੋ ਰਿਹਾ ਹੈ। ਜੋ ਨਾ ਸਿਰਫ ਉਹਨਾਂ ਦੇ ਘਰ ਦੀ ਆਮਦਨ ਵਧਾ ਰਿਹਾ ਹੈ ਸਗੋਂ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਬਣ ਕੇ ਉਭਰਿਆ ਹੈ।
ਬੀਤੇ ਦਿਨੀਂ ਪੀ.ਏ.ਯੂ., ਲੁਧਿਆਣਾ ਦੇ ਦੋ-ਰੋਜ਼ਾ ਕਿਸਾਨ ਮੇਲੇ ਵਿੱਚ ਪਿੰਡ-ਮੇਡ ਬਰਾਂਡ ਨੂੰ ਗ੍ਰਾਹਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਅਤੇ ਉਨ੍ਹਾਂ ਦੀ ਵਿਕਰੀ ਵੀ ਕਾਫੀ ਚੰਗੀ ਰਹੀ I ਇਸ ਮੌਕੇ 'ਤੇ ਡਾ. ਮਨਦੀਪ ਸਿੰਘ (ਇੰਚਾਰਜ), ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ, ਡਾ ਵਿਤਸਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਅਤੇ ਡਾ ਮੋਨਿਕਾ ਚੌਧਰੀ, ਭੋਜਨ ਅਤੇ ਪੋਸ਼ਣ ਵਿਗਿਆਨੀ, ਪੀ.ਏ.ਯੂ., ਲੁਧਿਆਣਾ ਨੇ ਸ. ਮਨਜੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਇਸ ਸਫ਼ਲਤਾ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ I ਉਹਨਾਂ ਕਿਹਾ ਕਿ ਮਨਜੀਤ ਦਾ ਇਹ ਫੈਸਲਾ, ਵਿਦੇਸ਼ ਜਾਣ ਦੀ ਬਜਾਏ ਸਵੈ-ਰੋਜ਼ਗਾਰ ਰਾਹੀਂ ਸਵੈ- ਨਿਰਭਰ ਬਣਨਾ ਸੱਚਮੁੱਚ ਹੀ ਬਹੁਤ ਉਤਸ਼ਾਹਜਨਕ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ