
ਲੁਧਿਆਣਾ 12 ਜਨਵਰੀ (ਹਿੰ. ਸ.)। ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਹਰ ਸਾਲ ਕਰਵਾਈਆਂ ਜਾਣ ਵਾਲੀਆਂ ਕੋਕਾ ਕੋਲਾ, ਏਵਨ ਸਾਈਕਲ 38 ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 13, 14 ਅਤੇ 15 ਫਰਵਰੀ 2026 ਨੂੰ ਕਰਵਾਈਆਂ ਜਾ ਰਹੀਆਂ ਹਨ। ਜਰਖੜ ਖੇਡ ਸਟੇਡੀਅਮ ਵਿਖੇ ਹੋਈ ਮੀਟਿੰਗ ਬਾਅਦ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਸਾਬਕਾ ਏ. ਆਈ. ਜੀ., ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਹਾਕੀ ਗੋਲਡ ਕੱਪ ਅਤੇ ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ ਖੇਡਾਂ ਦਾ ਮੁੱਖ ਆਕਰਸ਼ਨ ਹੋਵੇਗਾ। ਉਨਾਂ ਦੱਸਿਆ ਹਾਕੀ ਲੜਕੇ ਤੇ ਲੜਕੀਆਂ, ਹਾਕੀ ਅੰਡਰ 17 ਸਾਲ ਮੁੰਡੇ, ਕਬੱਡੀ ਓਪਨ , ਕਬੱਡੀ ਬਜ਼ੁਰਗਾਂ ਦੀ , ਕਬੱਡੀ ਲੜਕੀਆਂ ਦੀ ,ਫੁੱਟਬਾਲ ਮੁੰਡੇ ਅਤੇ ਕੁੜੀਆਂ, ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਵੱਖ ਵੱਖ ਖੇਡਾਂ, ਰੱਸਾਕਸ਼ੀ, ਦੌੜਾਂ, ਕਬੱਡੀ ਪ੍ਰਾਇਮਰੀ ਸਕੂਲ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਸਿਰਫ ਸੱਦਾ ਪੱਤਰ ਵਾਲੀਆਂ ਹੀ ਟੀਮਾਂ ਨੂੰ ਐਂਟਰੀ ਹੋਵੇਗੀ ।
ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਅਤੇ ਮਨਮੋਹਨ ਗਰੇਵਾਲ ਮੋਹਣਾ ਜੋਧਾ ਸਿਆਟਲ ਨੇ ਦੱਸਿਆ ਕਿ ਜਰਖੜ ਖੇਡਾਂ ਦਾ ਮੁੱਖ ਮਕਸਦ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਹੋਵੇਗਾ । ਉਹਨਾਂ ਦੱਸਿਆ ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋਵੇਗਾ ਇਸ ਮੌਕੇ ਜਿੱਥੇ ਡਰੈਗਨ ਅਕੈਡਮੀ ਦੇ ਬੱਚਿਆਂ ਵੱਲੋਂ ਸਭਿਆਚਾਰ ਗੀਤਾ ਤੇ ਕੋਰੀਓਗਰਾਫੀ ਲੋਕ ਗਾਇਕ ਜਸਵੰਤ ਸੰਦੀਲਾ ਵਲੋਂ ਜਰਖੜ ਖੇਡਾਂ ਤੇ ਤਿਆਰ ਕੀਤਾ ਗੀਤ ਆਦਿ ਹੋਰ ਸਭਿਆਚਾਰਕ ਵੰਨਗੀਆਂ ਮੁੱਖ ਖਿੱਚ ਦਾ ਕੇਂਦਰ ਹੋਣਗੀਆਂ। ਫਾਈਨਲ ਸਮਾਰੋਹ ਤੇ ਨਾਮੀ ਲੋਕ ਗਾਇਕਾ ਦਾ ਖੁੱਲਾ ਅਖਾੜਾ ਵੀ ਲੱਗੇਗਾ। ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਨਾਮੀ 5 ਸ਼ਖਸੀਅਤਾਂ ਦਾ ਵੱਖ ਵੱਖ ਐਵਾਰਡਾਂ ਨਾਲ ਸਨਮਾਨ ਹੋਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ