
ਮੋਹਾਲੀ, 13 ਜਨਵਰੀ (ਹਿੰ. ਸ.)। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੈਂਪਸ ਵਿਖੇ ਲੋਹੜੀ ਦਾ ਤਿਉਹਾਰ ਪੂਰੇ ਉਤਸ਼ਾਹ, ਰਵਾਇਤੀ ਰੰਗਾਂ ਅਤੇ ਸਾਂਝੀ ਰੌਣਕ ਨਾਲ ਮਨਾਇਆ ਗਿਆ। ਇਹ ਤਿਉਹਾਰ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਉਪਰਾਲੇ ਸਦਕਾ ਆਯੋਜਿਤ ਕੀਤਾ ਗਿਆ। ਇਸ ਮੌਕੇ ਬੋਰਡ ਦੇ ਸਕੱਤਰ ਗੁਰਿੰਦਰ ਸਿੰਘ ਸੋਢੀ ਵੱਲੋਂ ਸਮੂਹ ਮੁਲਾਜ਼ਮਾਂ ਨੂੰ ਲੋਹੜੀ ਦੇ ਪਾਵਨ ਤਿਉਹਾਰ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ। ਆਪਣੇ ਸੰਦੇਸ਼ ਵਿੱਚ ਸਕੱਤਰ ਨੇ ਕਿਹਾ ਕਿ ਲੋਹੜੀ ਆਪਸੀ ਸਾਂਝ, ਖੁਸ਼ੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਦਫ਼ਤਰ ਦੇ ਕੰਮ-ਕਾਜ ਪ੍ਰਤੀ ਹੋਰ ਵੀ ਵੱਧ ਸਮਰਪਣ, ਜ਼ਿੰਮੇਵਾਰੀ ਅਤੇ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਬੋਰਡ ਦੀ ਤਰੱਕੀ ਵਿੱਚ ਮੁਲਾਜ਼ਮਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।
ਮਾਨਯੋਗ ਚੇਅਰਮੈਨ ਵੱਲੋਂ ਆਪਣੇ ਸਹਿਯੋਗੀ, ਮਿਤਰਤਾ ਭਰੇ ਸੁਭਾਅ ਤੇ ਚਲਦਿਆਂ ਅਜਿਹੇ ਤਿਉਹਾਰ ਮਨਾਉਣ ਦਾ ਫੈਸਲਾ ਦਫ਼ਤਰ ਵਿੱਚ ਆਪਸੀ ਸਾਂਝ, ਸਹਿਯੋਗ ਅਤੇ ਸਕਾਰਾਤਮਕ ਮਾਹੌਲ ਨੂੰ ਹੋਰ ਮਜ਼ਬੂਤ ਕਰਦਾ ਹੈ। ਇਸ ਦੌਰਾਨ ਬੋਰਡ ਦੇ ਸਾਰੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਬੋਰਡ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਨੇ ਮਿਲ-ਜੁਲ ਕੇ ਖੁਸ਼ੀ ਨਾਲ ਲੋਹੜੀ ਦਾ ਤਿਉਹਾਰ ਮਨਾਇਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ