
ਬਾਬਾ ਬਕਾਲਾ ਸਾਹਿਬ, 12 ਜਨਵਰੀ (ਹਿੰ. ਸ.)। ਬਿਆਸ ਬਾਬਾ ਬਕਾਲਾ ਮਹਿਤਾ ਬਟਾਲਾ ਸੜਕ ਦੇ ਲੈਫਟ ਆਊਟ ਪ੍ਰੋਜੈਕਟ ਅਧੀਨ ਮਹਿਤਾ ਅਤੇ ਬੁੱਟਰ ਵਿਖੇ ਉਸਾਰੇ ਜਾ ਰਹੇ ਪੁੱਲਾਂ ਦਾ ਨਿਰੀਖਣ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਕੀਤਾ ਗਿਆ। ਇਸ ਮੌਕੇ ਉਨਾਂ ਨੇ ਦੱਸਿਆ ਕਿ ਬਿਆਸ ਬਾਬਾ ਬਕਾਲਾ ਮਹਿਤਾ ਬਟਾਲਾ ਸੜਕ ਸੈਕਸ਼ਨ ਉੱਪਰ ਲੋਕ ਨਿਰਮਾਣ ਵਿਭਾਗ ਵੱਲੋਂ ਤਿੰਨ ਪੁੱਲਾਂ ( ਮਹਿਤਾ, ਬੁੱਟਰ ਅਤੇ ਗੱਗੜਭਾਣਾ) ਦਾ ਨਿਰਮਾਣ 8.53 ਕਰੋੜ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।
ਮਹਿਤਾ ਅਤੇ ਬੁੱਟਰ ਵਿਖੇ ਉਸਾਰੀ ਅਧੀਨ ਪੁੱਲ ਅਪ੍ਰੈਲ 2026 ਤੱਕ ਮੁਕੰਮਲ ਹੋ ਜਾਣਗੇ, ਗੱਗੜਭਾਣਾ ਵਿਖੇ ਪੁੱਲ ਦੀ ਉਸਾਰੀ ਨਹਿਰੀ ਵਿਭਾਗ ਵੱਲੋ ਬੰਦੀ ਮਿਲਣ ਉਪਰੰਤ ਸ਼ੁਰੂ ਕਰਕੇ ਜਲਦ ਮੁਕੰਮਲ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਮਹਿਤਾ ਪੁੱਲ ਦੀ ਲੰਬਾਈ 105 ਫੁੱਟ ਅਤੇ ਚੌੜਾਈ 42 ਫੁੱਟ ਹੈ, ਜਦਕਿ ਬੁੱਟਰ ਪੁੱਲ ਦੀ ਲੰਬਾਈ 70 ਫੁੱਟ ਚੌੜਾਈ 42 ਫੁੱਟ ਹੈ। ੳਨਾਂ ਦੱਸਿਆ ਕਿ ਇਸੇ ਤਰ੍ਹਾਂ ਗੱਗੜਭਾਣਾ ਪੁੱਲ ਦੀ ਲੰਬਾਈ 106 ਫੁੱਟ ਚੌੜਾਈ 42 ਫੁੱਟ ਹੈ। ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਨੇ ਕੰਮ ਦੀ ਗੁਣਵੱਤਾ ਉੱਤੇ ਧਿਆਨ ਦੇਣ ਅਤੇ ਇਸਨੂੰ ਸਮੇਂ ਸੀਮਾ ਅੰਦਰ ਪੂਰੇ ਕਰਨ ਦੀ ਹਦਾਇਤ ਕੀਤੀ, ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਰਾਜ ਦੇ ਲੋਕਾਂ ਲਈ ਸੜਕੀ ਢਾਂਚੇ ਉੱਤੇ ਵੱਡੇ ਪ੍ਰੋਜੈਕਟ ਕੀਤੇ ਜਾ ਰਹੇ ਹਨ ਤਾਂ ਜੋ ਆਉਣਾ ਜਾਣਾ ਆਸਾਨ ਹੋਵੇ ਅਤੇ ਹਾਦਸੇ ਘੱਟ ਹੋਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ