
ਪਟਿਆਲਾ, 12 ਜਨਵਰੀ (ਹਿੰ. ਸ.)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਪਟਿਆਲਾ ਵਿਖੇ ਪਟਿਆਲਾ ਦਿਹਾਤੀ ਹਲਕੇ ਦੇ ਵਸਨੀਕਾਂ ਅਤੇ ਚੁਣੇ ਗਏ ਨੁਮਾਇੰਦਿਆਂ ਦੇ ਪਰਿਵਾਰਾਂ ਨਾਲ ਮਿਲ ਕੇ ਲੋਹੜੀ ਦਾ ਪਵਿੱਤਰ ਤਿਉਹਾਰ ਬੜੇ ਉਤਸਾਹ ਅਤੇ ਖੁਸ਼ੀ ਨਾਲ ਮਨਾਇਆ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ।ਓਹਨਾ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਲੋਹੜੀ ਦਾ ਇਹ ਪਾਵਨ ਤਿਉਹਾਰ ਸਭ ਦੇ ਜੀਵਨ ਵਿਚ ਖੁਸ਼ਹਾਲੀ , ਤੰਦਰੁਸਤੀ , ਸਿਹਤ ਅਤੇ ਤਰੱਕੀ ਲੈ ਕੇ ਆਵੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ “ਰੰਗਲਾ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਕਾਰ ਪੂਰੀ ਲਗਨ ਅਤੇ ਸਮਰਪਣ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀ, ਕੌਂਸਲਰਾਂ ਅਤੇ ਮੇਅਰਾਂ ਦੀ ਵੱਡੀ ਟੀਮ ਨਾਲ ਮਿਲ ਕੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਔਰਤਾਂ ਅਤੇ ਬੱਚਿਆਂ ਦੀ ਸਿਹਤ ਸਰਕਾਰ ਦੀ ਪਹਿਲ ਹੈ ਅਤੇ ਇਸ ਲਈ ਬਿਹਤਰ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਾਫ਼ ਪੀਣਯੋਗ ਪਾਣੀ, ਸੜਕਾਂ, ਸਟ੍ਰੀਟ ਲਾਈਟਾਂ, ਛਪੜਾਂ ਦੀ ਸਫਾਈ, ਸਿਹਤ ਸਹੂਲਤਾਂ ਵਿੱਚ ਸੁਧਾਰ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਵਰਗੇ ਲੋਕ-ਹਿਤੈਸ਼ੀ ਕੰਮ ਜ਼ਮੀਨੀ ਪੱਧਰ ’ਤੇ ਕੀਤੇ ਜਾਣਗੇ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਜਾਂ ਕਿਸੇ ਵੀ ਘਾਤਕ ਸਮੱਗਰੀ ਦੀ ਵਰਤੋਂ ਨਾ ਕੀਤੀ ਜਾਵੇ, ਤਾਂ ਜੋ ਕੀਮਤੀ ਜਾਨਾਂ ਦੀ ਰੱਖਿਆ ਹੋ ਸਕੇ। ਲੋਹੜੀ ਦੇ ਇਸ ਸਮਾਗਮ ਦੌਰਾਨ ਲੋਕਾਂ ਨੇ ਸਿਹਤ ਮੰਤਰੀ ਦਾ ਸਵਾਗਤ ਕੀਤਾ ਅਤੇ ਸਰਕਾਰ ਦੀਆਂ ਨੀਤੀਆਂ ’ਤੇ ਭਰੋਸਾ ਜਤਾਇਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ