ਬਾਲ ਭਿੱਖਿਆ ਖਿਲਾਫ਼ ਜ਼ਿਲ੍ਹਾ ਟਾਸਕ ਫੋਰਸ ਦੀ ਸਖ਼ਤ ਕਾਰਵਾਈ, ਦੋ ਬੱਚੇ ਕਰਵਾਏ ਮੁਕਤ
ਹੁਸ਼ਿਆਰਪੁਰ, 13 ਜਨਵਰੀ (ਹਿੰ. ਸ.)। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਪੰਜਾਬ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਜ਼ਿਲ੍ਹੇ ਵਿਚ ਪ੍ਰੋਜੈਕਟ ਜੀਵਨਜੋਤ-2 ਤਹਿਤ ਬਾਲ ਭਿਖਿਆ ਦੀ ਰੋਕਥਾਮ ਨੂੰ ਲੈ ਕੇ ਲਗਾਤਾਰ ਸਖ਼ਤ ਕਦਮ ਉਠਾਏ
ਬਾਲ ਭਿੱਖਿਆ ਖਿਲਾਫ਼ ਜ਼ਿਲ੍ਹਾ ਟਾਸਕ ਫੋਰਸ ਵਲੋਂ ਮੁਕਤ  ਕਰਵਾਏ ਦੋ ਬੱਚੇ।


ਹੁਸ਼ਿਆਰਪੁਰ, 13 ਜਨਵਰੀ (ਹਿੰ. ਸ.)। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਪੰਜਾਬ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਜ਼ਿਲ੍ਹੇ ਵਿਚ ਪ੍ਰੋਜੈਕਟ ਜੀਵਨਜੋਤ-2 ਤਹਿਤ ਬਾਲ ਭਿਖਿਆ ਦੀ ਰੋਕਥਾਮ ਨੂੰ ਲੈ ਕੇ ਲਗਾਤਾਰ ਸਖ਼ਤ ਕਦਮ ਉਠਾਏ ਜਾ ਰਹੇ ਹਨ। ਇਸੇ ਲੜੀ ਵਿਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਦੀ ਅਗਵਾਈ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਦੀ ਟੀਮ ਵਲੋਂ ਬਾਲ ਭਿੱਖਿਆ ਰੋਕਥਾਮ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਨਾਲ ਮਿਲ ਕੇ ਵਿਅਪਕ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਬਾਜ਼ਾਰਾਂ , ਰੇਲਵੇ ਸਟੇਸ਼ਨ, ਰੇਲਵੇ ਰੋਡ, ਬੱਸ ਅੱਡਾ, ਫਗਵਾੜਾ ਚੌਕ ਸਮੇਤ ਬਲਾਕ ਹਾਜੀਪੁਰ ਦੇ ਬੱਸ ਅੱਡੇ, ਗੁਰਦੁਆਰਾ ਹਾਜੀਪੁਰ, ਸ਼ਨੀ ਮੰਦਰ, ਸਿਵਲ ਹਸਪਤਾਲ ਦੇ ਬਾਹਰ, ਬੁੱਢਾਬੜ ਚੌਕ, ਪਿੰਡ ਸੰਧਵਾਲ, ਟੀ-ਪੁਆਇੰਟ, ਪੁਲਿਸ ਸਟੇਸ਼ਨ, ਨਿੱਕੂ ਚੱਕ ਮੋੜ ਅਤੇ ਸਰਕਾਰੀ ਸਕੂਲਾਂ ਦੇ ਬਾਹਰ ਛਾਪੇਮਾਰੀ ਕੀਤੀ ਗਈ।

ਮੁਹਿੰਮ ਦੌਰਾਨ ਆਮ ਜਨਤਾ ਨੂੰ ਬਾਲ ਭਿੱਖਿਆ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ। ਹਾਜੀਪੁਰ ਬੱਸ ਅੱਡੇ ਤੋਂ 2 ਬੱਚਿਆਂ ਨੂੰ ਭਿੱਖਿਆ ਤੋਂ ਮੁਕਤ ਕਰਵਾ ਕੇ ਬਾਲ ਭਲਾਈ ਕੌਂਸਲ, ਹੁਸ਼ਿਆਰਪੁਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਕੌਂਸਲ ਵਲੋਂ ਬੱਚਿਆਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਦੇ ਸਰਵਪੱਖੀ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਰੂਰੀ ਫ਼ੈਸਲੇ ਲਏ ਗਏ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਕੋਈ ਬੱਚਾ ਭਿੱਖਿਆ ਮੰਗਦਾ ਜਾਂ ਬਾਲ ਮਜ਼ਦੂਰੀ ਕਰਦਾ ਦਿਖਾਈ ਦਿੰਦਾ ਹੈ, ਤਾਂ ਉਹ ਤੁਰੰਤ ਬਾਲ ਹੈਲਪਲਾਈਨ ਨੰਬਰ 1098 ’ਤੇ ਸੂਚਨਾ ਦੇਣ, ਤਾਂ ਜੋ ਸਮੇਂ ਰਹਿੰਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪ੍ਰਕਾਰ ਦੀ ਕਾਰਵਾਈ ਪਹਿਲੇ ਵੀ ਹੁੰਦੀ ਰਹੀ ਹੈ ਅਤੇ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਜੇਕਰ ਕੋਈ ਮਾਪਾ ਬੱਚਿਆਂ ਤੋਂ ਭਿੱਖਿਆ ਮੰਗਵਾਉਂਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਸਪੱਸ਼ਟ ਕੀਤਾ ਕਿ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਬੱਚਿਆਂ ਤੋਂ ਭਿੱਖਿਆ ਮੰਗਵਾਉਣ ਵਾਲੇ ਮਾਤਾ-ਪਿਤਾ ਦਾ ਡੀ.ਐਨ.ਏ ਟੈਸਟ ਵੀ ਕੀਤਾ ਜਾਵੇਗਾ ਅਤੇ ਰਿਪੋਰਟ ਮੇਲ ਨਾ ਖਾਣ ’ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮੁਹਿੰਮ ਵਿਚ ਪੁਲਿਸ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਸਨ। ਇਸ ਰੇਡ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਜਸਵਿੰਦਰ ਸਿੰਘ, ਆਸ਼ਮਾ ਸ਼ਰਮਾ, ਭਗਤ ਸਿੰਘ, ਏਐਸਆਈ (ਹਾਜੀਪੁਰ), ਹਰਦੀਪ ਕੌਰ (ਹੈੱਡ ਕਾਂਸਟੇਬਲ) ਅਤੇ ਲਖਵੀਰ ਸਿੰਘ (ਪ੍ਰਤੀਨਿਧੀ ਬੀਪੀਈਓ ਹਾਜੀਪੁਰ) ਸ਼ਾਮਲ ਸਨ। ਬਾਲ ਭਲਾਈ ਕਮੇਟੀ ਨੇ ਬੱਚਿਆਂ ਦੀ ਕਾਊਂਸਲਿੰਗ ਕੀਤੀ ਅਤੇ ਬੱਚਿਆਂ ਦੀ ਭਲਾਈ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਨੂੰ ਸੰਸਥਾ ਵਿੱਚ ਦਾਖਲੇ ਦਾ ਆਦੇਸ਼ ਦਿੱਤਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande