
ਲੁਧਿਆਣਾ, 13 ਜਨਵਰੀ (ਹਿੰ. ਸ.)। ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਹਲਕੇ ਦੇ ਪਾਰਕਾਂ ਦੇ ਸੁੰਦਰੀਕਰਨ ਦੀ ਚਲਾਈ ਮਹਿਮ ਤਹਿਤ ਵਾਰਡ ਨੰਬਰ 49 ਦੇ ਪਾਰਕ ਨੰਬਰ 127 ਦੀ ਨਵੀਂ ਚਾਰਦਿਵਾਰੀ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਸਿੱਧੂ ਨੇ ਕਿਹਾ ਕਿ ਇਸ ਚਾਰਦਿਵਾਰੀ 'ਤੇ ਕਰੀਬ 10.5 ਲੱਖ ਰੁਪਏ ਦੀ ਲਾਗਤ ਆਵੇਗੀ। ਵਿਧਾਇਕ ਸਿੱਧੂ ਨੇ ਕਿਹਾ ਕਿ ਸਾਫ ਪੀਣ ਵਾਲਾ ਪਾਣੀ, ਸੜਕਾਂ, ਸੁੰਦਰ ਪਾਰਕ, ਖੇਡ ਮੈਦਾਨ ਇਹ ਇਲਾਕਾ ਨਿਵਾਸੀਆਂ ਦੀਆਂ ਬੁਨਿਆਦੀ ਜਰੂਰਤਾਂ ਜੋ ਹਰ ਹੀਲੇ ਉਪਲੱਬਧ ਕਰਵਾਈਆਂ ਜਾਣਗੀਆਂ।
ਵਿਧਾਇਕ ਸਿੱਧੂ ਵੱਲੋਂ ਅੱਜ ਤੜਕਸਾਰ ਪੋਹ ਫੁੱਟਣ ਤੋਂ ਪਹਿਲਾਂ, ਨਗਰ ਨਿਗਮ ਦੀ ਟੀਮ ਦੇ ਨਾਲ ਹਲਕਾ ਆਤਮ ਨਗਰ ਦੇ ਪੁਰਾਣੇ ਅਤੇ ਮਸ਼ਹੂਰ ਵਿਸ਼ਕਰਮਾ ਪਾਰਕ ਵਿੱਚ ਸਫਾਈ ਮੁਹਿੰਮ ਦੀ ਅਗਵਾਈ ਕੀਤੀ। ਉਹਨਾਂ ਨਾਲ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਗੁਰਪਾਲ ਸਿੰਘ ਵੀ ਮੌਜੂਦ ਸਨ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਨਿਗਮ ਕਰਮਚਾਰੀ ਤੁਹਾਡੇ ਇਲਾਕੇ ਨੂੰ ਸਾਫ ਕਰ ਸਕਦੇ ਹਨ ਪਰ ਹਰ ਵਕਤ ਚੋਗਿਰਦੇ ਨੂੰ ਸਾਫ ਰੱਖਣਾ ਇਹ ਤੁਹਾਡੇ ਹੱਥ ਵਿੱਚ ਹੈ। ਉਹਨਾਂ ਕਿਹਾ ਕਿ ਸਾਨੂੰ ਪਲਾਸਟਿਕ ਬੈਗ ਦੀ ਜਗ੍ਹਾ ਕੱਪੜੇ ਵਾਲੇ ਵੈਗ ਵਰਤਣੇ ਚਾਹੀਦੇ ਹਨ ਕਿਉਂਕਿ ਪਲਾਸਟਿਕ ਨਾਲ ਜਿੱਥੇ ਹੋਰ ਕਈ ਸਮੱਸਿਆਵਾਂ ਆਉਂਦੀਆਂ ਹਨ ਉੱਥੇ ਹੀ ਬੇਜੁਵਾਨ ਪਸ਼ੂ ਵੀ ਇਸ ਨੂੰ ਖਾ ਕੇ ਦੁੱਖ ਭੋਗਦੇ ਮਰਦੇ ਹਨ। ਇਸ ਲਈ ਸਾਨੂੰ ਇਨਸਾਨੀਅਤ ਦੇ ਨਾਤੇ ਇਸ ਦਾ ਬਾਈਕਾਟ ਕਰਨਾ ਚਾਹੀਦਾ ਹੈ। ਵਿਧਾਇਕ ਸਿੱਧੂ ਨੇ ਕਿਹਾ ਕਿ ਵਿਸ਼ਕਰਮਾ ਪਾਰਕ ਵਿੱਚ ਆਉਣ ਵਾਲੇ ਸਮੇਂ ਦੌਰਾਨ ਵਧੀਆ ਖੇਡ ਮੈਦਾਨ ਅਤੇ ਲਾਇਬਰੇਰੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ