
ਫਾਜ਼ਿਲਕਾ 15 ਜਨਵਰੀ (ਹਿੰ. ਸ.)। ਟੀ. ਬੀ. ਮੁਕਤ ਭਾਰਤ ਅਭਿਆਨ ਦੇ ਉਦੇਸ਼ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਫਾਜ਼ਿਲਕਾ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ 100 ਦੇ ਕਰੀਬ ਟੀ.ਬੀ. ਮਰੀਜਾਂ ਨੂੰ ਪੋਸ਼ਟਿਕ ਆਹਾਰ ਨਾਲ ਭਰਪੂਰ ਰਾਸ਼ਨ ਕਿੱਟਾ ਦੀ ਵੰਡ ਕੀਤੀ। ਉਨ੍ਹਾਂ ਟੀ.ਬੀ. ਮਰੀਜਾਂ ਦੀ ਹੌਸਲਾਅਫਜਾਈ ਕਰਦਿਆਂ ਕਿਹਾ ਕਿ ਉਹ ਸਮੇਂ ਸਿਰ ਆਪਣਾ ਇਲਾਜ ਕਰਵਾਉਣ ਤੇ ਇਸ ਬਿਮਾਰੀ ਤੋਂ ਜਲਦ ਉਭਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਬਲਕਿ ਸਮੇਂ ਸਿਰ ਸਰਕਾਰੀ ਹਸਪਤਾਲ ਵਿਚ ਜਾ ਕੇ ਇਲਾਜ ਲਿਆ ਜਾਵੇ ਤੇ ਪੋਸ਼ਟਿਕ ਖੁਰਾਕ ਲਈ ਜਾਵੇ ਤਾਂ ਇਸ ਬਿਮਾਰੀ ਨੂੰ ਤੋਂ ਜਲਦੀ ਬਾਹਰ ਨਿਕਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਕਿੱਟਾਂ ਦੀ ਵੰਡ ਦਾ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਜੋ ਕਿ ਮਰੀਜਾਂ ਲਈ ਪ੍ਰੋਟੀਨ ਦੀ ਮਾਤਰਾ ਪੂਰੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਰਾਸ਼ਨ ਕਿੱਟਾਂ ਵਿਚ ਦਾਲਾਂ, ਤੇਲ, ਸੋਇਆਬੀਨ,ਚੀਨੀ ਆਦਿ ਪ੍ਰੋਟੀਨ ਨਾਲ ਭਰਪੂਰ ਵਸਤਾਂ ਹਨ ਜੋ ਕਿ ਮਰੀਜਾਂ ਦੀ ਛੇਤੀ ਰਿਕਵਰੀ ਵਿਚ ਫਾਇਦਾ ਕਰਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਮਾਰੀ ਨਾਲ ਜੂਝ ਰਹੇ ਪੀੜਤਾਂ ਨੂੰ ਸੋਸਾਇਟੀ ਵਿਚ ਪੂਰਾ ਮਾਣ ਸਨਮਾਨ ਦੇਈਏ, ਉਨ੍ਹਾਂ ਦਾ ਸਾਥ ਨਿਭਾਈਏ। ਉਨ੍ਹਾਂ ਕਿਹਾ ਕਿ ਮਰੀਜ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਕਰੀਏ ਤਾਂ ਜੋ ਪੀੜਤ ਨੂੰ ਹੌਂਸਲਾ ਮਿਲ ਸਕੇ ਤੇ ਉਹ ਬਿਮਾਰੀ ਨੂੰ ਜਲਦ ਤੋਂ ਜਲਦ ਮਾਤ ਪਾ ਸਕੀਏ। ਉਨ੍ਹਾਂ ਕਿਹਾ ਕਿ ਪੀੜਤਾਂ ਲਈ ਕੀਤੇ ਜਾਂਦੇ ਇਸ ਨੇਕ ਕਾਰਜ ਵਿਚ ਸਭਨਾ ਨੰ ਯੋਗਦਾਨ ਪਾਉਣਾ ਚਾਹੀਦਾ ਹੈ, ਲੋਕਾਂ ਭਲਾਈ ਕਾਰਜ ਕਰਨ ਵਿਚ ਪਿਛੇ ਨਹੀ ਰਹਿਣਾ ਚਾਹੀਦਾ।
ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਇਸ ਦੌਰਾਨ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਟੀ.ਬੀ. ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਤੇ ਦਵਾਈਆਂ ਵੀ ਮੁਫਤ ਮੁਹੱਈਆ ਕਰਵਾਈਂਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੂੰ ਵੀ ਇਸ ਬਿਮਾਰੀ ਦਾ ਪਤਾ ਚਲਦਾ ਹੈ ਤਾਂ ਜਲਦ ਤੋਂ ਜਲਦ ਸਿਵਲ ਹਸਪਤਾਲ ਵਿਖੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਮਾਰੀ ਨੂੰ ਛਿਪਾਉਣ ਦੀ ਥਾਂ ਸਗੋਂ ਅਗੇ ਆਉਂਦਿਆਂ ਇਸਨੂੰ ਦਸਿਆ ਜਾਵੇ ਤੇ ਇਲਾਜ ਲਿਆ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ