
ਪਟਿਆਲਾ , 15 ਜਨਵਰੀ (ਹਿੰ. ਸ.)। ਪਟਿਆਲਾ ਦੇ ਐਸ.ਡੀ.ਐਮ. ਹਰਜੋਤ ਕੌਰ ਵੱਲੋਂ ਪੁਲਿਸ ਪ੍ਰਸ਼ਾਸ਼ਨ ਨਾਲ ਮਿਲ ਕੇ ਪਟਿਆਲਾ ਸ਼ਹਿਰ ਦੇ ਅਚਾਰ ਬਜ਼ਾਰ ਵਿੱਚ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਸਬੰਧੀ ਵਿਸ਼ੇਸ਼ ਜਾਂਚ ਕੀਤੀ ਗਈ। ਇਸ ਜਾਂਚ ਦਾ ਮੁੱਖ ਉਦੇਸ਼ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਪਾਬੰਦੀਸ਼ੁਦਾ ਚਾਈਨਾ ਡੋਰ ਕਾਰਨ ਹੋ ਰਹੀਆਂ ਹਾਦਸਿਆਂ ਨੂੰ ਰੋਕਣਾ ਸੀ।
ਜਾਂਚ ਦੌਰਾਨ ਦੁਕਾਨਾਂ ਦੀ ਗਹਿਰਾਈ ਨਾਲ ਤਲਾਸ਼ੀ ਲੈ ਕੇ ਚਾਈਨਾ ਡੋਰ ਦੀ ਗੈਰਕਾਨੂੰਨੀ ਵਿਕਰੀ ’ਤੇ ਨਜ਼ਰ ਰੱਖੀ ਗਈ। ਸੰਬੰਧਤ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਗਿਆ ਕਿ ਚਾਈਨਾ ਡੋਰ ਦੀ ਖਰੀਦ-ਫ਼ਰੋਖ਼ਤ ਜਾਂ ਸਟਾਕ ਰੱਖਣਾ ਕਾਨੂੰਨ ਅਨੁਸਾਰ ਅਪਰਾਧ ਹੈ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਐਸ.ਡੀ.ਐਮ. ਪਟਿਆਲਾ ਨੇ ਦੱਸਿਆ ਕਿ ਚਾਈਨਾ ਡੋਰ ਨਾਲ ਮਨੁੱਖੀ ਜਾਨ ਨੂੰ ਭਾਰੀ ਖ਼ਤਰਾ ਹੁੰਦਾ ਹੈ ਅਤੇ ਪਹਿਲਾਂ ਵੀ ਇਸ ਨਾਲ ਜੁੜੇ ਕਈ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਜਾਂਚਾਂ ਨਿਯਮਿਤ ਤੌਰ ’ਤੇ ਜਾਰੀ ਰਹਿਣਗੀਆਂ ਅਤੇ ਜੇਕਰ ਕਿਤੇ ਵੀ ਚਾਈਨਾ ਡੋਰ ਮਿਲੀ ਤਾਂ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡੀ.ਐਸ.ਪੀ. ਸਿਟੀ-1 ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਕਿ ਸ਼ਹਿਰ ਵਿੱਚ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਯਕੀਨੀ ਬਣਾਈ ਜਾਵੇ।
ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਚਾਈਨਾ ਡੋਰ ਦੀ ਵਰਤੋਂ ਤੋਂ ਪਰਹੇਜ਼ ਕਰਨ ਅਤੇ ਜੇਕਰ ਕਿਸੇ ਥਾਂ ਇਸਦੀ ਗੈਰਕਾਨੂੰਨੀ ਵਿਕਰੀ ਜਾਂ ਸਟਾਕਿੰਗ ਦੀ ਜਾਣਕਾਰੀ ਮਿਲੇ ਤਾਂ ਤੁਰੰਤ ਪ੍ਰਸ਼ਾਸਨ ਜਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ