ਬੱਜਟ ਸੈਸਨ ਦਾ ਮੁੱਖ ਏਜੰਡਾ ਮਹਿੰਗਾਈ ਤੇ ਰੁਜਗਾਰ ਹੋਣਾ ਚਾਹੀਦਾ ਹੈ: ਕਾਮਰੇਡ ਸੇਖੋਂ
ਜਲੰਧਰ , 15 ਜਨਵਰੀ (ਹਿੰ. ਸ.)| ਅਗਲੇ ਕੁੱਝ ਦਿਨਾਂ ਤੱਕ ਸੁਰੂ ਹੋਣ ਵਾਲੇ ਕੇਂਦਰ ਦੇ ਬੱਜਟ ਸੈਸਨ ਦਾ ਮੁੱਖ ਏਜੰਡਾ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਠੱਲ੍ਹ ਪਾਉਣ ਅਤੇ ਨਵੇਂ ਰੁਜਗਾਰ ਪੈਦਾ ਕਰਨ ਦਾ ਹੋਣਾ ਚਾਹੀਦਾ ਹੈ। ਇਹ ਵਿਚਾਰ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪ
ਬੱਜਟ ਸੈਸਨ ਦਾ ਮੁੱਖ ਏਜੰਡਾ ਮਹਿੰਗਾਈ ਤੇ ਰੁਜਗਾਰ ਹੋਣਾ ਚਾਹੀਦਾ ਹੈ: ਕਾਮਰੇਡ ਸੇਖੋਂ


ਜਲੰਧਰ , 15 ਜਨਵਰੀ (ਹਿੰ. ਸ.)|

ਅਗਲੇ ਕੁੱਝ ਦਿਨਾਂ ਤੱਕ ਸੁਰੂ ਹੋਣ ਵਾਲੇ ਕੇਂਦਰ ਦੇ ਬੱਜਟ ਸੈਸਨ ਦਾ ਮੁੱਖ ਏਜੰਡਾ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਠੱਲ੍ਹ ਪਾਉਣ ਅਤੇ ਨਵੇਂ ਰੁਜਗਾਰ ਪੈਦਾ ਕਰਨ ਦਾ ਹੋਣਾ ਚਾਹੀਦਾ ਹੈ। ਇਹ ਵਿਚਾਰ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ, ਆਮ ਲੋਕਾਂ ਦਾ ਜੀਵਨ ਬਸਰ ਕਰਨਾ ਮੁਸਕਿਲ ਹੋ ਚੁੱਕਾ ਹੈ। ਇਸ ਲਈ ਬੱਜਟ ਸੈਸਨ ਵਿੱਚ ਲੋਕਾਂ ਦੇ ਜੀਵਨ ਜਿਉਣ ਨੂੰ ਸੁਖਾਲਾ ਬਣਾਉਣ ਦਾ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਦੇਸ਼ ਭਰ ਵਿੱਚ ਪ੍ਰਚੂਨ ਮਹਿੰਗਾਈ ਲਗਾਤਾਰ ਵਧ ਰਹੀ ਹੈ। ਲੋਕਾਂ ਦੀਆਂ ਨਿੱਤ ਵਰਤੋਂ ਦੀਆਂ ਵਸਤਾਂ ਸਬਜੀਆਂ, ਫਲ, ਮਸਾਲੇ, ਦਾਲਾਂ ਆਦਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ ਅਤੇ ਉਹਨਾਂ ਦਾ ਜੀਵਨ ਬਸਰ ਕਰਨਾ ਮੁਸਕਿਲ ਹੋ ਚੁੱਕਾ ਹੈ। ਬੇਰੁਜਗਾਰੀ ਵੱਧ ਰਹੀ ਹੈ, ਖੇਤੀਬਾੜੀ ਘਾਟੇ ਦਾ ਧੰਦਾ ਬਣ ਗਈ ਹੈ। ਕੇਂਦਰ ਸਰਕਾਰ ਹਰ ਸਾਲ ਕਾਰਪੋਰੇਟ ਘਰਾਣਿਆਂ ਦੇ ਹੱਕ ਪੂਰਦਾ ਬੱਜਟ ਪੇਸ਼ ਕਰਕੇ ਆਮ ਜਨਤਾ ਤੋਂ ਪਾਸਾ ਵੱਟ ਲੈਂਦੀ ਹੈ।

ਇਹ ਦੱਸਣਾ ਜਰੂਰੀ ਹੈ ਕਿ 28 ਜਨਵਰੀ ਤੋਂ ਕੇਂਦਰ ਦਾ ਬੱਜਟ ਸੈਸਨ ਸੁਰੂ ਹੋ ਰਿਹਾ ਹੈ ਅਤੇ 1 ਫਰਵਰੀ ਨੂੰ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਸੀਤਾਰਮਨ ਬੱਜਟ ਪੇਸ਼ ਕਰਨਗੇ। ਦੇਸ਼ ਦੇ ਲੋਕਾਂ ਦੀਆਂ ਨਜਰਾਂ ਬੱਜਟ ਵੱਲ ਲੱਗੀਆਂ ਹੋਈਆਂ ਹਨ। ਸੂਬਾ ਸਕੱਤਰ ਨੇ ਕਿਹਾ ਕਿ ਦੇਸ਼ ਵਿੱਚ ਭਾਵੇਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ, ਪਰ ਲੋਕਾਂ ਦਾ ਢਿੱਡ ਭਰਨਾ ਤਾਂ ਮੂਲ ਸਮੱਸਿਆ ਹੈ, ਪਰ ਕੇਂਦਰ ਦੀ ਭਾਜਪਾ ਸਰਕਾਰ ਇਸ ਸਮੱਸਿਆ ਵੱਲ ਵੀ ਸੁਹਿਰਦਤਾ ਨਾਲ ਧਿਆਨ ਨਹੀਂ ਦੇ ਰਹੀ। ਪ੍ਰਧਾਨ ਮੰਤਰੀ ਲਈ ਲੋਕਾਂ ਦੇ ਦੁੱਖ ਸੁਣਨ ਨਾਲੋਂ ਵਿਦੇਸ਼ੀ ਯਾਤਰਾਵਾਂ ਤੇ ਵੱਧ ਧਿਆਨ ਦਿੱਤਾ ਜਾ ਰਿਹਾ ਹੈ ਜਾਂ ਅੱਗੇ ਲਈ ਮੁੜ ਕੇਂਦਰ ਵਿੱਚ ਸਰਕਾਰ ਸਥਾਪਤ ਕਰਨ ਦੀਆਂ ਸਾਜਿਸ਼ਾਂ ਰਚਣ ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰ ਦੇਸ਼ ਹੈ। ਇਸ ਲਈ ਆਉਣ ਵਾਲੇ ਬੱਜਟ ਸੈਸਨ ਵਿੱਚ ਲੋਕਾਂ ਦਾ ਜਿਉਣਾ ਸੁਖਾਲਾ ਬਣਾਉਣ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਮਹਿੰਗਾਈ ਨੂੰ ਰੋਕਣ ਅਤੇ ਰੁਜਗਾਰ ਦੇ ਨਵੇਂ ਸਾਧਨ ਪੈਦਾ ਕਰਨ ਨੂੰ ਮੁੱਖ ਏਜੰਡਾ ਬਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਰੀੜ੍ਹ ਦੀ ਹੱਡੀ ਕਿਸਾਨੀ ਵੱਲ ਵੀ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਖੇਤੀ ਨੂੰ ਲਾਹੇਵੰਦ ਧੰਦਾ ਬਣਾ ਕੇ ਦੇਸ਼ ਦੇ ਆਮ ਲੋਕਾਂ ਨੂੰ ਰੁਜਗਾਰ ਤੇ ਅਨਾਜ ਦਿੰਦਿਆਂ ਰਾਹਤ ਦਿੱਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕੇਂਦਰੀ ਬੱਜਟ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖ਼ਰਾ ਉੱਤਰਨ ਵਾਲਾ ਹੋਣਾ ਚਾਹੀਦਾ ਹੈ।

---------------

ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ


 rajesh pande