
ਤਲਵਾੜਾ, 16 ਜਨਵਰੀ (ਹਿੰ. ਸ.)। ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ), ਤਲਵਾੜਾ ਵੱਲੋਂ ਰਾਸ਼ਟਰੀ ਕਰਮਯੋਗੀ ਪ੍ਰੋਗਰਾਮ ਦੇ ਤਹਿਤ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ “ਕਰਮਯੋਗੀ ਸਿਖਲਾਈ ਪ੍ਰੋਗਰਾਮ” ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮਕਸਦ ਕਰਮਚਾਰੀਆਂ ਦੀ ਕਾਰਗੁਜ਼ਾਰੀ, ਕੰਮਕਾਜੀ ਕੁਸ਼ਲਤਾ ਵਿੱਚ ਵਾਧਾ ਕਰਨਾ ਅਤੇ ਉਨ੍ਹਾਂ ਨੂੰ ਆਧੁਨਿਕ ਕੰਮਕਾਜੀ ਪ੍ਰਣਾਲੀ, ਨਿਯਮਾਂ ਅਤੇ ਕਾਰਜ ਸੰਸਕ੍ਰਿਤੀ ਨਾਲ ਰੂਬਰੂ ਕਰਵਾਉਣਾ ਹੈ।
ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਭਾਰਤ ਸਰਕਾਰ ਦੀ ਪਹਿਲ ‘ਮਿਸ਼ਨ ਕਰਮਯੋਗੀ’ ਦੇ ਅਨੁਸਾਰ ਆਯੋਜਿਤ ਕੀਤਾ ਗਿਆ ਹੈ, ਜਿਸ ਅਧੀਨ ਸਰਕਾਰੀ ਕਰਮਚਾਰੀਆਂ ਨੂੰ ਆਧੁਨਿਕ ਪ੍ਰਸ਼ਾਸਕੀ ਪ੍ਰਣਾਲੀ, ਨੈਤਿਕ ਕਦਰਾਂ ਕੀਮਤਾਂ, ਜਨ ਸੇਵਾ ਪ੍ਰਤੀ ਸਮਰਪਣ ਅਤੇ ਤਕਨੀਕੀ ਕੁਸ਼ਲਤਾ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ। ਸਿਖਲਾਈ ਸੈਸ਼ਨਾਂ ਦੌਰਾਨ ਭਾਗੀਦਾਰਾਂ ਨੂੰ ਟੀਮ ਵਰਕ, ਸਮੇਂ ਦਾ ਸੁਚੱਜਾ ਪ੍ਰਬੰਧਨ, ਸੰਚਾਰ ਕੁਸ਼ਲਤਾ, ਫ਼ੈਸਲਾ ਲੈਣ ਦੀ ਸਮਰੱਥਾ ਅਤੇ ਨਵੀਨਤਾ ਵਰਗੇ ਜਨ ਹਿੱਤ ਦੇ ਪੱਖਾਂ ਬਾਰੇ ਵੀ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਨਾ ਕੇਵਲ ਕਰਮਚਾਰੀਆਂ ਦੀ ਕੰਮਕਾਜੀ ਸ਼ੈਲੀ ਵਿੱਚ ਸੁਧਾਰ ਆਵੇਗਾ, ਸਗੋਂ ਬੋਰਡ ਦੀ ਸਮੂੱਚੀ ਕਾਰਜ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਵੀ ਵਧੇਗੀ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਕਾਰਜਕਾਰੀ ਇੰਜਨੀਅਰ ਹਰਪ੍ਰੀਤ ਸਿੰਘ ਦਾ ਵਿਸੇਸ਼ ਯੋਗਦਾਨ ਰਿਹਾ ਅਤੇ ਇਸ ਦੌਰਾਨ ਐਸ.ਡੀ.ਓ. ਧੀਰਜ ਕੁਮਾਰ ਅਤੇ ਜੁਨੀਅਰ ਇੰਜਨੀਅਰ ਗੁਲਸ਼ਨ ਕੁਮਾਰ ਨੇ ਮਾਸਟਰ ਟ੍ਰੇਨਰ ਦੀ ਭੂਮਿਕਾ ਨਿਭਾਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ