
ਮੋਹਾਲੀ, 17 ਜਨਵਰੀ (ਹਿੰ. ਸ.)। ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਈਫ਼ ਸਾਇੰਸਜ਼ ਅਤੇ ਸਕੂਲ ਆਫ਼ ਫ਼ਿਜ਼ੀਕਲ ਸਾਇੰਸਜ਼ ਵੱਲੋਂ ਨਵੇਂ ਅਕਾਦਮਿਕ ਸਮੈਸਟਰ ਦੀ ਸ਼ੁਰੂਆਤ ਦੇ ਸ਼ੁਭ ਅਵਸਰ ‘ਤੇ ਸ੍ਰੀ ਸੁਖਮਨੀ ਸਾਹਿਬ ਪਾਠ ਦਾ ਆਯੋਜਨ ਕੀਤਾ ਗਿਆ। ਇਹ ਧਾਰਮਿਕ ਸਮਾਰੋਹ ਸ਼ਰਧਾ, ਸ਼ਾਂਤੀ ਅਤੇ ਅਧਿਆਤਮਿਕ ਸਕਾਰਾਤਮਕਤਾ ਨਾਲ ਭਰਪੂਰ ਮਾਹੌਲ ਵਿੱਚ ਸੰਪੰਨ ਹੋਇਆ, ਜਿਸ ਵਿੱਚ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਸ੍ਰੀ ਸੁਖਮਨੀ ਸਾਹਿਬ ਦੇ ਪਾਠ ਯੂਨੀਵਰਸਿਟੀ ਸਕੂਲ ਆਫ਼ ਲਾਈਫ਼ ਸਾਇੰਸਜ਼ ਅਤੇ ਯੂਨੀਵਰਸਿਟੀ ਸਕੂਲ ਆਫ਼ ਫ਼ਿਜ਼ੀਕਲ ਸਾਇੰਸਜ਼ ਦੀ ਡੀਨ ਪ੍ਰੋਫੈਸਰ (ਡਾ.) ਸਿਮਰਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਸਤਿਕਾਰ ਸਹਿਤ ਭੇਟ ਕੀਤਾ ਗਿਆ ਅਤੇ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਦੀ ਤੰਦਰੁਸਤੀ, ਸਫਲਤਾ ਅਤੇ ਉਜਲੇ ਭਵਿੱਖ ਲਈ ਅਰਦਾਸ ਕੀਤੀ ਗਈ। ਡਾਇਰੈਕਟਰ (ਪ੍ਰਸ਼ਾਸਨ) ਬੀ. ਐਸ. ਬੈਂਸ ਨੇ ਪ੍ਰੋਗਰਾਮ ਦੇ ਸੁਚਾਰੂ ਅਤੇ ਅਨੁਸ਼ਾਸਿਤ ਸੰਚਾਲਨ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਸਰਵਸ਼ਕਤੀਮਾਨ ਦੀਆਂ ਅਸੀਸਾਂ ਪ੍ਰਾਪਤ ਕਰਨਾ ਮਨੁੱਖਤਾ ਦੀ ਭਲਾਈ ਲਈ ਬਹੁਤ ਜ਼ਰੂਰੀ ਹੈ ਅਤੇ ਇਹ ਵਿਦਿਆਰਥੀਆਂ ਲਈ ਇੱਕ ਅਰਥਪੂਰਨ, ਉਤਪਾਦਕ ਅਤੇ ਸਫਲ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ ਫੈਕਲਟੀ ਮੈਂਬਰਾਂ ਨੂੰ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਸਕਾਰਾਤਮਕ ਸੋਚ, ਵਚਨਬੱਧਤਾ ਅਤੇ ਸਮਰਪਣ ਨਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਮਕਰ ਸੰਕ੍ਰਾਂਤੀ ਦੇ ਸ਼ੁਭ ਮੌਕੇ ‘ਤੇ ਸਮੈਸਟਰ ਦੀ ਸ਼ੁਰੂਆਤ ਦੀ ਮਹੱਤਤਾ ਉਤੇ ਵੀ ਚਾਨਣਾ ਪਾਇਆ ਅਤੇ ਸਦਭਾਵਨਾ, ਅਨੁਸ਼ਾਸਨ ਅਤੇ ਅਧਿਆਤਮਿਕ ਤਾਕਤ ਦੇ ਮੁੱਲਾਂ ‘ਤੇ ਜ਼ੋਰ ਦਿੱਤਾ।
ਪ੍ਰੋ ਵਾਈਸ-ਚਾਂਸਲਰ ਪ੍ਰੋ. (ਡਾ.) ਐਸ. ਕੇ. ਬਾਂਸਲ ਨੇ ਨਵੇਂ ਸਮੈਸਟਰ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦਿਆਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਧਾਰਮਿਕ ਅਤੇ ਅਧਿਆਤਮਿਕ ਪਰੰਪਰਾ ਨਾਲ ਕਰਨ ਦੀ ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ। ਇਸ ਸਮਾਰੋਹ ਵਿੱਚ ਰਜਿਸਟਰਾਰ ਪ੍ਰੋ. (ਡਾ.) ਐਨ. ਕੇ. ਯਾਦਵ ਅਤੇ ਭੌਤਿਕ ਵਿਗਿਆਨ ਵਿਭਾਗ ਦੀ ਮੁਖੀ ਡਾ. ਰਵਨੀਤ ਕੌਰ ਵੀ ਹਾਜ਼ਰ ਰਹੇ।ਸਮਾਰੋਹ ਦੀ ਸਮਾਪਤੀ ਸ਼ਾਂਤੀ, ਖੁਸ਼ਹਾਲੀ ਅਤੇ ਅਕਾਦਮਿਕ ਉੱਤਮਤਾ ਲਈ ਕੀਤੀ ਗਈ ਸਮੂਹਿਕ ਅਰਦਾਸ ਨਾਲ ਹੋਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ