
ਚੰਡੀਗੜ੍ਹ, 17 ਜਨਵਰੀ (ਹਿੰ. ਸ.)। ਕਾਂਗਰਸ ਪਾਰਟੀ ਨੇ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਲੋਕਾਂ ਨਾਲ ਧੋਖਾਧੜੀ ਅਤੇ ਵਿਸ਼ਵਾਸਘਾਤ ਕਰਨ ਦੇ ਦੋਸ਼ ਲਗਾਏ ਹਨ। ਪਾਰਟੀ ਨੇ ਕਿਹਾ ਹੈ ਕਿ ਦੋਵੇਂ ਸਰਕਾਰਾਂ ਝੂਠ ਅਤੇ ਫਰਜ਼ੀ ਵਾਅਦਿਆਂ ਦੇ ਸਹਾਰੇ ਹੀ ਚੱਲ ਰਹੀਆਂ ਹਨ। ਕਾਂਗਰਸ ਨੇ ਐਲਾਨ ਕੀਤਾ ਕਿ ਜਲਦੀ ਹੀ ਪੰਜਾਬ ਵਿੱਚ ਇੱਕ ਸੰਵਿਧਾਨਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਹੜੀ ਹਰ ਪਿੰਡ ਤੱਕ ਪਹੁੰਚੇਗੀ ਅਤੇ ਇਸ ਰਾਹੀਂ ਲੋਕਾਂ ਨੂੰ ਪੰਡਿਤ ਜਵਾਹਰਲਾਲ ਨੇਹਰੂ ਅਤੇ ਡਾ. ਬੀ.ਆਰ. ਅੰਬੇਡਕਰ ਵਰਗੇ ਆਗੂਆਂ ਵੱਲੋਂ ਦਿੱਤੇ ਗਏ ਸੰਵਿਧਾਨਕ ਹੱਕਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਇੱਥੇ ਪਾਰਟੀ ਦਫ਼ਤਰ ਵਿਖੇ ਏਆਈਸੀਸੀ ਦੇ ਐੱਸਸੀ ਵਿਭਾਗ ਦੇ ਚੇਅਰਮੈਨ ਰਾਜਿੰਦਰ ਗੌਤਮ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਕਿਹਾ ਕਿ ਕਾਂਗਰਸ ਵੱਲੋਂ ਦੇਸ਼ ਲਈ ਕੀਤੇ ਗਏ ਸਾਰੇ ਵੱਡੇ ਕੰਮਾਂ ਨੂੰ ਭਾਜਪਾ ਸਰਕਾਰ ਤਬਾਹ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਭਾਜਪਾ ਦਾ ਨਾ ਤਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਕੋਈ ਯੋਗਦਾਨ ਸੀ ਅਤੇ ਨਾ ਹੀ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਹੈ, ਜਿਹੜਾ ਅੱਜ ਇੱਕ ਮਜ਼ਬੂਤ ਅਤੇ ਸ਼ਕਤੀਸ਼ਾਲੀ ਰਾਸ਼ਟਰ ਵਜੋਂ ਉਭਰਿਆ ਹੈ।
ਗੌਤਮ ਨੇ ਦੋਸ਼ ਲਗਾਇਆ ਕਿ ਭਾਜਪਾ ਨੇ ਗਰੀਬਾਂ ਅਤੇ ਦਲਿਤਾਂ ਤੋਂ ਮਨਰੇਗਾ ਨੂੰ ਖੋਹ ਲਿਆ ਹੈ, ਜਦਕਿ ਆਪ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਵਜੀਫਿਆਂ ਅਤੇ ਭਲਾਈ ਸਕੀਮਾਂ ਤੋਂ ਵਾਂਝਾ ਕੀਤਾ ਹੈ, ਜਿਹੜੀਆਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਆਰਐੱਸਐੱਸ-ਭਾਜਪਾ ਅਤੇ ਅੰਨਾ ਹਜ਼ਾਰੇ ਤੇ ਅਰਵਿੰਦ ਕੇਜਰੀਵਾਲ ਵਿਚਾਲੇ ਗੁਪਤ ਸਮਝੌਤੇ ਵੱਲ ਇਸ਼ਾਰਾ ਕਰਦਿਆਂ, ਕਿਹਾ ਕਿ ਇਨ੍ਹਾਂ ਨੇ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੂੰ ਬਦਨਾਮ ਕਰਨ ਲਈ ਝੂਠੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੌਰਾਨ ਜਾਂਚ ਏਜੰਸੀਆਂ ਵੱਲੋਂ ਇਹ ਸਾਰੇ ਦੋਸ਼ ਝੂਠੇ ਸਾਬਤ ਹੋ ਚੁੱਕੇ ਹਨ।
ਉਨ੍ਹਾਂ ਨੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਸਣੇ ਆਪ ਦੀ ਅਗਵਾਈ ਉੱਪਰ ਪੰਜਾਬ ਅੰਦਰ ਸੱਤਾ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਹਨ। ਗੌਤਮ ਨੇ ਕਿਹਾ ਕਿ ਇਹ ਆਗੂ ਸੱਤਾ ਦੇ ਇੰਨੇ ਆਦੀ ਹੋ ਚੁੱਕੇ ਹਨ ਕਿ ਇਸ ਤੋਂ ਬਿਨਾਂ ਜੀਅ ਨਹੀਂ ਸਕਦੇ ਅਤੇ ਇਸੇ ਕਾਰਨ ਇਹ ਪੰਜਾਬ ਆ ਗਏ ਹਨ। ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਵਿੱਚ ‘ਸ਼ੀਸ਼ ਮਹਲ’ ਬਣਾਇਆ ਗਿਆ ਸੀ, ਉਸੇ ਤਰ੍ਹਾਂ ਚੰਡੀਗੜ੍ਹ ਵਿੱਚ ਵੀ ਸ਼ਾਨੋ-ਸ਼ੌਕਤ ਲਈ ਘਰ ਤਿਆਰ ਕੀਤਾ ਗਿਆ ਹੈ।
ਗੌਤਮ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਲਗਭਗ 38–40 ਪ੍ਰਤੀਸ਼ਤ ਦਲਿਤ ਅਬਾਦੀ ਨੇ ਆਪ ਸਰਕਾਰ ਬਣਾਉਣ ਵਿੱਚ ਵੱਡਾ ਯੋਗਦਾਨ ਦਿੱਤਾ ਸੀ, ਲੇਕਿਨ ਰਾਜ ਸਭਾ ਵਿੱਚ ਨੁਮਾਇੰਦਗੀ ਦੇ ਮਾਮਲੇ ਵਿੱਚ ਦਿੱਲੀ ਜਾਂ ਪੰਜਾਬ ਕਿਤੇ ਵੀ ਇੱਕ ਵੀ ਦਲਿਤ ਨੂੰ ਮੌਕਾ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ, ਆਪ ਸਰਕਾਰ ਨੇ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਰੋਕ ਦਿੱਤੇ ਹਨ ਅਤੇ ਦਲਿਤ ਪਰਿਵਾਰਾਂ ਲਈ ਸ਼ਗੁਨ ਸਕੀਮ ਦੀ ਰਕਮ ਦੇਣ ਵਿੱਚ ਵੀ ਦੇਰੀ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ