
ਅੰਮ੍ਰਿਤਸਰ, 04 ਜਨਵਰੀ (ਹਿੰ. ਸ.)। ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸ਼ਹਿਰ ਦੇ ਜਿਲ੍ਹਾ ਪ੍ਰਧਾਨ ਤੇ ਚੇਅਰਮੈਨ ਪਨਸਪ (ਪੰਜਾਬ) ਪ੍ਰਭਬੀਰ ਸਿੰਘ ਬਰਾੜ ਨੇ ਬੀਤੇ ਦਿਨ ਅੰਮ੍ਰਿਤਸਰ ਦੱਖਣੀ ਦੇ ਵਾਰਡ 47 ਵਿੱਚ ਮੀਟਿੰਗ ਕੀਤੀ । ਇਸ ਮੌਕੇ ਕੌਂਸਲਰ ਵਰਪਾਲ ਸਿੰਘ ਬੱਬਰ, ਬਲਾਕ ਇੰਚਾਰਜ ਬਲਜੀਤ ਸਿੰਘ ਜੌੜਾ, ਪਾਰਟੀ ਦੇ ਹੋਰ ਅਹੁਦੇਦਾਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ । ਮੀਟਿੰਗ ਦੌਰਾਨ ਆਮ ਆਦਮੀ ਪਾਰਟੀ, ਵਿਧਾਇਕ ਡਾ. ਨਿੱਜਰ ਵੱਲੋਂ ਵਾਰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਮੁੱਖ ਮੰਤਰੀ ਸਿਹਤ ਬੀਮਾ ਬਾਰੇ ਚਰਚਾ ਕੀਤੀ ਗਈ।
ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 15 ਜਨਵਰੀ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਅਧੀਨ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਕੈਸ਼ਲੈੱਸ ਇਲਾਜ ਮਿਲੇਗਾ। ਇਸ ਯੋਜਨਾ ਲਈ ਕੋਈ ਆਮਦਨ ਸੀਮਾ ਨਹੀਂ ਰੱਖੀ ਗਈ ਅਤੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ 15 ਜਨਵਰੀ ਨੂੰ ਇਸ ਯੋਜਨਾ ਦਾ ਸਰਕਾਰੀ ਤੌਰ ‘ਤੇ ਆਗਾਜ਼ ਕਰਨਗੇ।
ਬਰਾੜ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਚਲਾਈਆਂ ਸਿਹਤ ਯੋਜਨਾਵਾਂ ਵਿੱਚ ਕੇਵਲ 5 ਲੱਖ ਰੁਪਏ ਤੱਕ ਦੀ ਕਵਰੇਜ ਮਿਲਦੀ ਸੀ, ਪਰ ਮਾਨ ਸਰਕਾਰ ਨੇ ਇਤਿਹਾਸਕ ਫੈਸਲਾ ਲੈਂਦੇ ਹੋਏ ਇਸ ਸੀਮਾ ਨੂੰ ਦੋਗੁਣਾ ਕਰਕੇ 10 ਲੱਖ ਰੁਪਏ ਕਰ ਦਿੱਤਾ ਹੈ। ਯੋਜਨਾ ਦਾ ਹੱਕ ਹਰ ਨਿਵਾਸੀ ਨੂੰ ਹੋਵੇਗਾ ਅਤੇ ਕਿਸੇ ਵੀ ਪਰਿਵਾਰ ਨੂੰ ਇਸਦੇ ਲਾਭ ਤੋਂ ਬਾਹਰ ਨਹੀਂ ਰੱਖਿਆ ਜਾਵੇਗਾ। ਇਸ ਯੋਜਨਾ ਤਹਿਤ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਪ੍ਰਕਾਰ ਦੇ ਐਮਪੈਨਲ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾ ਸਕੇਗਾ।
ਅੰਤ ਵਿੱਚ ਬਰਾੜ ਨੇ ਕਿਹਾ ਕਿ ਇਹ ਯੋਜਨਾ ਸੂਬੇ ਲਈ ਸਿਹਤ ਖੇਤਰ ਵਿੱਚ ਇਕ ਕ੍ਰਾਂਤੀਕਾਰਕ ਕਦਮ ਸਾਬਤ ਹੋਵੇਗੀ, ਜਿਸ ਨਾਲ ਹਰ ਘਰ ਨੂੰ ਗੁਣਵੱਤਾ ਭਰਪੂਰ ਅਤੇ ਮੁਫ਼ਤ ਇਲਾਜ ਦੀ ਪੂਰੀ ਗਰੰਟੀ ਮਿਲੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ