
ਮੁਹਾਲੀ, 04 ਜਨਵਰੀ (ਹਿੰ. ਸ.)। ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪੱਤਰਕਾਰ ਮਿੰਟੂ ਗੁਰੂਸਰੀਆ, ਮਨਿੰਦਰਜੀਤ ਸਿੱਧੂ, ਮਾਨਿਕ ਗੋਇਲ ਸਮੇਤ ਹੋਰਨਾਂ ਆਰ.ਟੀ.ਆਈ ਕਾਰਕੂੰਨਾਂ ਖਿਲਾਫ਼ ਪੰਜਾਬ ਸਰਕਾਰ ਦੁਆਰਾ ਦਰਜ ਕੀਤੇ ਪਰਚਿਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਆਪ ਸਰਕਾਰ ਦੀ ਇਸ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਦੱਸਿਆ ਹੈ।
ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਕੇਸ਼ ਚੰਦ ਸ਼ਰਮਾ ਨੇ ਕਿਹਾ ਕਿ ਲੋਕਤੰਤਰ ਵਿਚ ਸਰਕਾਰ ਨੂੰ ਸਵਾਲ ਕਰਨਾ ਹਰੇਕ ਨਾਗਰਿਕ ਦਾ ਹੱਕ ਹੁੰਦਾ ਹੈ ਪਰ ਮੌਜੂਦਾ ਭਗਵੰਤ ਮਾਨ ਸਰਕਾਰ ਇਨ੍ਹਾਂ ਪੱਤਰਕਾਰਾਂ ਤੇ ਸਮਾਜਿਕ ਕਾਰਕੁੰਨਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਨਾਸ਼ਾਹੀ ਵਾਲਾ ਰਵੱਈਆ ਅਖਤਿਆਰ ਕਰ ਰਹੀ ਹੈ ਅਤੇ ਭੈਅ ਤੇ ਦਹਿਸ਼ਤ ਵਾਲਾ ਮਾਹੌਲ ਸਿਰਜ ਕੇ ਪੰਜਾਬ ਦੇ ਦਰਦੀ ਲੋਕਾਂ ਦਾ ਮੂੰਹ ਬੰਦ ਕਰਨਾ ਚਾਹ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਅਤੇ ਸਰਕਾਰ ਦਾ ਜਨਮ ਹੀ ਅੰਦੋਲਨ ਨਾਲ ਹੋਇਆ ਹੋਵੇ ਹੁਣ ਉਹੀ ਪਾਰਟੀ ਅੰਦੋਲਨਕਾਰੀ ਤੇ ਆਪਣੇ ਹੱਕਾਂ ਲਈ ਸੰਘਰਸ਼ੀਲ ਲੋਕਾਂ ਨੂੰ ਪੁਲਿਸ ਤੰਤਰ ਦਾ ਡਰਵਾ ਦੇ ਰਹੀ ਹੈ ਜੋ ਕਿ ਬਿਲਕੁਲ ਵੀ ਬਰਦਾਸ਼ਤ ਕਰਨਯੋਗ ਨਹੀਂ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪੱਤਰਕਾਰਾਂ ਤੇ ਸਮਾਜਿਕ ਕਾਰਕੁੰਨਾਂ ਦੀ ਪੂਰੀ ਹਮਾਇਤ ਕਰਦੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ