
ਚੰਡੀਗੜ੍ਹ, 04 ਜਨਵਰੀ (ਹਿੰ. ਸ.)। ਨਵੇਂ ਸਾਲ ਦੇ ਸ਼ੁਭ ਅਵਸਰ ’ਤੇ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵੱਲੋਂ ਚੰਡੀਗੜ੍ਹ ਵਿਖੇ ਵਿਸ਼ੇਸ਼ ਅਰਦਾਸ ਕਰਵਾਈ ਗਈ । ਇਸ ਦੌਰਾਨ ਹਾਜ਼ਰ ਸੰਗਤਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਮੰਗੀ। ਇਸਦੇ ਨਾਲ ਹੀ ਇਸ ਵਿਸ਼ੇਸ਼ ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਨਾਲ ਹੀ ਕੀਰਤਨੀ ਜੱਥਿਆਂ ਵੱਲੋਂ ਗੁਰਬਾਣੀ ਦੇ ਸ਼ਬਦਾਂ ਦੀ ਸੁਰੀਲੀ ਰਸ ਭਿੰਨੀ ਪ੍ਰਸਤੁਤੀ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਐਮ. ਪੀ. ਸਤਨਾਮ ਸਿੰਘ ਸੰਧੂ ਸਮੇਤ ਸਮੂਹ ਹਾਜ਼ਰੀਨਾਂ ਵੱਲੋਂ ਸਰਬੱਤ ਦੇ ਭਲੇ, ਪੰਜਾਬ ਦੀ ਚੜ੍ਹਦੀ ਕਲਾ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰੱਖਿਆ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਤੋਂ ਇਲਾਵਾ ਸੰਤ ਸਮਾਜ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸਮਾਗਮ ਦੀ ਸ਼ਾਨ ਵਧਾਈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਐਮ. ਪੀ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਪੰਜਾਬ ਸਦਾ ਚੜ੍ਹਦੀ ਕਲਾ ਵਿੱਚ ਰਹੇ। ਉਨ੍ਹਾਂ ਕਿਹਾ ਕਿ ਵਾਹਿਗੁਰੂ ਪੰਜਾਬ, ਪੰਜਾਬੀ ਅਤੇ ਸਿੱਖ ਕੌਮ ’ਤੇ ਆਪਣੀ ਮਿਹਰ ਬਣਾਈ ਰੱਖਣ ਅਤੇ ਪੰਜਾਬ ਹਮੇਸ਼ਾਂ ਖੁਸ਼ਹਾਲੀ ਦੇ ਰਾਹ ’ਤੇ ਅੱਗੇ ਵਧਦਾ ਰਹੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ