ਭਗਵੰਤ ਮਾਨ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੋਵਾਂ ਵਜੋਂ ਫੇਲ੍ਹ ਸਾਬਿਤ ਹੋਏ: ਹਰਸਿਮਰਤ ਕੌਰ ਬਾਦਲ
ਬਠਿੰਡਾ, 05 ਜਨਵਰੀ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੋਹਾਂ ਵਜੋਂ ਫੇਲ੍ਹ ਸਾਬਤ ਹੋਏ ਹਨ ਤੇ ਉਹਨਾਂ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਇਥੇ
ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ।


ਬਠਿੰਡਾ, 05 ਜਨਵਰੀ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੋਹਾਂ ਵਜੋਂ ਫੇਲ੍ਹ ਸਾਬਤ ਹੋਏ ਹਨ ਤੇ ਉਹਨਾਂ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਭਗਵੰਤ ਮਾਨ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਪ੍ਰਧਾਨਗੀ ਕੀਤੀ ਹੈ। ਉਹਨਾਂ ਕਿਹਾ ਕਿ ਗੈਂਗਸਟਰ ਮਨਮਰਜ਼ੀ ਨਾਲ ਕੰਮ ਕਰ ਰਹੇ ਹਨ ਅਤੇ ਆਪਣੀ ਮਰਜ਼ੀ ਮੁਤਾਬਕ ਲੋਕਾਂ ਤੋਂ ਫਿਰੌਤੀਆਂ ਵਸੂਲ ਰਹੇ ਹਨ ਤੇ ਕਤਲ ਕਰ ਰਹੇ ਹਨ। ਉਹਨਾਂ ਕਿਹਾ ਕਿ ਰੋਜ਼ਾਨਾ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਹਾਲ ਹੀ ਵਿਚ ਅੰਮ੍ਰਿਤਸਰ ਵਿਚ ਵਿਆਹ ਪਾਰਟੀ ਵਿਚ ਇਕ ਪਿੰਡ ਦੇ ਸਰਪੰਚ ਦਾ ਕਤਲ ਹੋਇਆ ਹੈ ਤੇ ਨਾਲ ਹੀ ਕਪੂਰਥਲਾ ਵਿਚ ਇਕ ਐਨ ਆਰ ਆਈ ਮਹਿਲਾ ਤੇ ਮੋਗਾ ਵਿਚ ਪੰਚਾਇਤ ਮੈਂਬਰ ਦਾ ਕਤਲ ਹੋਇਆ ਹੈ।

ਹਰਸਿਮਰਤ ਕੌਰ ਬਾਦਲ ਨੇ ਜ਼ੋਰ ਦੇ ਕਿਹਾ ਕਿ ਇਥੇ ਹੀ ਬੱਸ ਨਹੀਂ ਮੁੱਖ ਮੰਤਰੀ ਨੇ ਸੂਬਾ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਗਿਰੋਹ ਹਵਾਲੇ ਕਰ ਦਿੱਤਾ ਹੈ ਜੋ ਦੋਵੇਂ ਹੱਥਾਂ ਨਾਲ ਸੂਬੇ ਅਤੇ ਇਹਨਾਂ ਦੇ ਸਰੋਤਾਂ ਨੂੰ ਲੁੱਟ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੀਆਂ ਜਾਇਦਾਦਾਂ ਆਮ ਆਦਮੀ ਪਾਰਟੀ ਦੇ ਸੂਬੇ ਵਿਚ ਚੋਣ ਪ੍ਰਚਾਰ ਵਾਸਤੇ ਵੇਚੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਲੁਧਿਆਣਾ ਦੇ ਨਗਰ ਨਿਗਮ ਦੀ ਹੱਦ ਵਿਚ ਵਾਧਾ ਕਰ ਕੇ 30 ਪਿੰਡ ਇਸ ਵਿਚ ਸ਼ਾਮਲ ਕਰ ਕੇ ਸ਼ਾਮਲਾਟਾਂ ਵੇਚਣ ਅਤੇ ਇਹ ਆਪ ਦੀਆਂ ਕਠਪੁਤਲੀਆਂ ਤੇ ਵਪਾਰੀਆਂ ਨੂੰ ਦੇਣ ਦਾ ਫੈਸਲਾ ਵੀ ਇਸੇ ਕਰ ਕੇ ਲਿਆ ਗਿਆ ਹੈ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਬਠਿੰਡਾ ਵਿਚ ਵਪਾਰੀ ਮੇਲਾ ਰਾਮ ਦਾ ਪਹਿਲਾਂ ਦਿਨ ਦਿਹਾੜੇ ਕਤਲ ਹੋਇਆ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਲੋਕਾਂ ਦਾ ਸਰਕਾਰ ਵਿਚ ਵਿਸ਼ਵਾਸ ਬਹਾਲ ਕਰਾਉਣ ਵਾਸਤੇ ਕੋਈ ਠੋਸ ਕਦਮ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਰੋਜ਼ਾਨਾ ਲੋਕਾਂ ਦੇ ਕਤਲ ਹੋ ਰਹੇ ਹਨ ਪਰ ਉਹਨਾਂ ਗੈਂਗਸਟਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜੋ ਫਿਰੌਤੀਆਂ ਵਸੂਲ ਰਹੇ ਹਨ ਤੇ ਕਤਲ ਕਰ ਰਹੇ ਹਨ।

ਉਹਨਾਂ ਕਿਹਾ ਕਿ ਆਪ ਸਰਕਾਰ ਬਣਨ ਤੋਂ ਬਾਅਦ ਹੀ ਇਹ ਕਤਲ ਸ਼ੁਰੂ ਹੋ ਗਏ ਸਨ ਜਦੋਂ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤੇ ਨਾਲ ਹੀ ਕਬੱਡੀ ਖਿਡਾਰੀਆਂ ਦੇ ਕਤਲ ਹੋਏ, ਪੰਜਾਬ ਖੁਫੀਆ ਦਫਤਰ ’ਤੇ ਰਾਕੇਟ ਲਾਂਚਰ ਨਾਲ ਹਮਲਾ ਹੋਇਆ ਅਤੇ ਪੁਲਿਸ ਥਾਣਿਆਂ ’ਤੇ ਹਮਲੇ ਹੋਏ। ਜਦੋਂ ਉਹਨਾਂ ਨੂੰ ਪੱਤਰਕਾਰਾਂ ਤੇ ਆਰ ਟੀ ਆਈ ਕਾਰਕੁੰਨਾਂ ਖਿਲਾਫ ਦਰਜ ਹੋਏ ਕੇਸ ਬਾਰੇ ਪੁੱਛਿਆ ਗਿਆ ਤਾਂ ਬਾਦਲ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਕਦੇ ਵੀ ਪੱਤਰਕਾਰਾਂ ਨੂੰ ਇਸ ਤਰੀਕੇ ਨਿਸ਼ਾਨਾ ਨਹੀਂ ਬਣਾਇਆ ਗਿਆ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਰਕਾਰ ਮੀਡੀਆ ਦੀ ਆਜ਼ਾਦੀ ਨੂੰ ਕੁਚਲਣਾ ਚਾਹੁੰਦੀ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸਨੂੰ ਸਮਝ ਆ ਗਈ ਹੈ ਕਿ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ ਅਤੇ ਇਸਨੂੰ 2027 ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande