
ਐਸ.ਏ.ਐਸ. ਨਗਰ, 05 ਜਨਵਰੀ (ਹਿੰ. ਸ.)। ਗਮਾਡਾ ਵੱਲੋਂ ਪਿਛਲੇ ਦਿਨੀ ਅਖਬਾਰਾਂ ਰਾਹੀਂ ਪ੍ਰਕਾਸ਼ਿਤ ਕੀਤੇ ਗਏ 1,000 ਕਰੋੜ ਤੋਂ ਵੱਧ ਰੁਪਏ ਦੇ ਮੋਹਾਲੀ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਇਕਲੌਤੇ ਟੈਂਡਰ ਨੂੰ ਲੈ ਕੇ ਮੋਹਾਲੀ ਵਿੱਚ ਵੱਡਾ ਵਿਵਾਦ ਖੜਾ ਹੋ ਗਿਆ ਹੈ। ਇਸ ਟੈਂਡਰ ਖ਼ਿਲਾਫ਼ ਛੋਟੇ ਅਤੇ ਦਰਮਿਆਨੇ ਠੇਕੇਦਾਰਾਂ ਵਿੱਚ ਭਾਰੀ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਦੀ ਇਹ ਨੀਤੀ ਭਰਿਸ਼ਟਾਚਾਰ ਨੂੰ ਬੜਾਵਾ ਦੇਣ ਦੇ ਨਾਲ-ਨਾਲ ਹਜ਼ਾਰਾਂ ਪਰਿਵਾਰਾਂ ਨੂੰ ਬੇਰੁਜ਼ਗਾਰੀ ਵੱਲ ਧੱਕ ਰਹੀ ਹੈ।
ਅਕਾਲੀ ਦਲ ਦੇ ਆਗੂ ਸੋਹਾਣਾ ਨੇ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਮੋਹਾਲੀ ਵਿੱਚ ਗਮਾਡਾ ਵੱਲੋਂ ਨਗਰ ਨਿਗਮ ਨੂੰ ਹੈਂਡ ਓਵਰ ਕੀਤੀਆਂ ਗਈਆਂ ਸੜਕਾਂ ਦੀ ਮੈਨਟੇਨਰਸ ਦੇ ਕਰੋੜਾਂ ਰੁਪਏ ਵੀ ਗਮਾਂਡਾਂ ਨੇ ਨਗਰ ਨਿਗਮ ਨੂੰ ਦਿੱਤੇ ਹੋਏ ਹਨ ਪਰ ਹੁਣ ਇਹ ਸੜਕਾਂ ਨਗਰ ਨਿਗਮ ਤੋਂ ਵਾਪਸ ਲੈ ਲਈਆਂ ਗਈਆਂ ਹਨ ਤਾਂ ਕਿ ਇੱਕ ਵੱਡਾ ਟੈਂਡਰ ਬਣਾਇਆ ਜਾ ਸਕੇ ਕਿਉਂਕਿ ਗਮਾਡਾ ਅਧੀਨ ਜੋ ਸੜਕਾਂ ਬਚੀਆਂ ਹਨ ਉਹਨਾਂ ਦੀ ਲੰਬਾਈ ਹੀ ਠੇਕਾ ਦੇਣ ਵਾਸਤੇ ਪੂਰੀ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਅੱਗੇ ਵੱਖ-ਵੱਖ ਕੰਪਨੀਆਂ ਨੂੰ ਵੱਖ-ਵੱਖ ਕੰਮ ਦਿੱਤੇ ਜਾਂਦੇ ਸਨ ਪਰ ਇਸ ਵਾਰ ਆਰਟੀਕਲਚਰ ਅਤੇ ਪਬਲਿਕ ਹੈਲਥ ਸਮੇਤ ਸੜਕਾਂ ਦੇ ਕੰਮ ਵੀ ਇੱਕੋ ਟੈਂਡਰ ਵਿੱਚ ਪਾ ਦਿੱਤੇ ਗਏ ਹਨ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ “ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਟੈਂਡਰ ਕਲੱਬ ਕਰਕੇ ਛੋਟੇ ਠੇਕੇਦਾਰਾਂ ਨੂੰ ਕੰਮ ਤੋਂ ਬਾਹਰ ਕੀਤਾ ਜਾ ਰਿਹਾ ਹੈ। ਇਹ ਸਿਸਟਮ ਸਿੱਧਾ-ਸਿੱਧਾ ਮਨੋਪਲੀ ਪੈਦਾ ਕਰਦਾ ਹੈ ਅਤੇ ਮਨੋਪਲੀ ਦਾ ਨੁਕਸਾਨ ਪਿਛਲੇ ਦਿਨੀ ਇੱਕ ਏਅਰਲਾਈਨ ਦੇ ਰੂਪ ਵਿੱਚ ਸਾਹਮਣੇ ਆ ਗਿਆ ਹੈ ਜਿਸ ਕਾਰਨ ਬਹੁਤ ਵੱਡੀ ਗਿਣਤੀ ਵਿੱਚ ਮੁਸਾਫਰ ਪਰੇਸ਼ਾਨ ਹੋਏ ਸਨ। ਅਕਾਲੀ ਆਗੂ ਨੇ ਦੋਸ਼ ਲਗਾਇਆ ਕਿ ਪਹਿਲਾਂ ਟੈਂਡਰਾਂ ਵਿੱਚ 15 ਤੋਂ 25 ਫੀਸਦੀ ਤੱਕ ਕਮਿਸ਼ਨ ਦੀ ਗੱਲ ਹੁੰਦੀ ਸੀ, ਪਰ ਹੁਣ ਵੱਡੇ ਟੈਂਡਰਾਂ ਕਾਰਨ ਇਹ ਅੰਕੜਾ “20 ਫੀਸਦੀ ਤੋਂ ਵੱਧ ਹੋ ਕੇ 40 ਫੀਸਦੀ ਤੱਕ ਅੰਡਰਟੇਬਲ ਪਹੁੰਚ ਸਕਦਾ ਹੈ।” ਪਰਵਿੰਦਰ ਸਿੰਘ ਨੇ ਕਿਹਾ ਕਿ ਇਹ ਪੈਸਾ ਲੋਕਾਂ ਦੀ ਟੈਕਸਾਂ ਰਾਹੀਂ ਕਮਾਈ ਗਈ ਰਕਮ ਹੈ, ਜਿਸ ਨੂੰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਉਸ ਰਾਹੀਂ ਆਪਣੀਆਂ ਜੇਬਾਂ ਵਿੱਚ ਪਾਉਣ ਦੀ ਤਿਆਰੀ ਕਰ ਰਹੀ ਹੈ।
ਉਨਾਂ ਕਿਹਾ ਕਿ ਸਰਕਾਰ ਇੱਕ ਪਾਸੇ ਰੋਜ਼ਗਾਰ ਦੇ ਵਾਅਦੇ ਕਰਦੀ ਹੈ, ਦੂਜੇ ਪਾਸੇ ਛੋਟੇ ਠੇਕੇਦਾਰਾਂ ਨੂੰ ਮਜ਼ਦੂਰ ਬਣਾਇਆ ਜਾ ਰਿਹਾ ਹੈ। ਪਰਵਿੰਦਰ ਸੋਹਾਣਾ ਨੇ ਇਹ ਵੀ ਦੋਸ਼ ਲਗਾਇਆ ਕਿ ਗਮਾਡਾ ਦੇ ਅਧਿਕਾਰੀ ਵੀ ਇਸ ਗੱਲ ਤੋਂ ਚਿੰਤਤ ਹਨ ਕਿ ਇੰਨੇ ਵੱਡੇ ਟੈਂਡਰਾਂ ਦੀ ਜਵਾਬਦੇਹੀ ਕੱਲ੍ਹ ਨੂੰ ਕੌਣ ਲਵੇਗਾ। ਅਕਾਲੀ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਠੇਕੇਦਾਰਾਂ ਅਤੇ ਕਰਮਚਾਰੀਆਂ ਦੇ ਲਗਾਤਾਰ ਫ਼ੋਨ ਆ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਠੇਕੇਦਾਰਾਂ ਅਤੇ ਕਰਮਚਾਰੀਆਂ ਦੇ ਨਾਲ ਡੱਟ ਕੇ ਖੜਾ ਰਹੇਗਾ। ਲੋੜ ਪਈ ਤਾਂ ਕਾਨੂੰਨੀ ਲੜਾਈ ਵੀ ਲੜਾਂਗੇ ਤੇ ਸੜਕਾਂ ’ਤੇ ਵੀ ਉਤਰਾਂਗੇ। ਉਨ੍ਹਾਂ ਇਹ ਵੀ ਆਰੋਪ ਲਗਾਇਆ ਕਿ ਮੋਹਾਲੀ ਦੀਆਂ ਪ੍ਰਾਈਮ ਲੋਕੇਸ਼ਨ ਸਾਈਟਾਂ ਅਤੇ ਏਸ਼ੀਆ ਦੀ ਬੇਹਤਰੀਨ ਏਸੀ ਸਬਜ਼ੀ ਮੰਡੀਆਂ ਵਿੱਚੋਂ ਇੱਕ, ਜੋ ਕਿ ਮੋਹਾਲੀ ਵਿੱਚ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਬਣੀ ਸੀ, ਨੂੰ ਵੀ ਕਰੋੜਾਂ ਰੁਪਏ ਵਿੱਚ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ 14 ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰਕੇ ਸ਼ਾਮਲਾਤ ਜ਼ਮੀਨਾਂ ਨੂੰ ਬਿਲਡਰਾਂ ਦੇ ਹਵਾਲੇ ਕਰਕੇ 50 ਫੀਸਦੀ ਰਕਮ ਸਰਕਾਰ ਲਈ ਰੱਖਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਇਸ ਵਿੱਚ ਵੀ ਭ੍ਰਿਸ਼ਟਾਚਾਰ ਅਤੇ ਸਕੈਮ ਦੀ ਵੱਡੀ ਬਦਬੂ ਆਉਂਦੀ ਹੈ ਕਿਉਂਕਿ ਲਖਨੌਰ ਵਰਗੇ ਪਿੰਡਾਂ ਵਿੱਚ ਜਿੱਥੇ “ਬਾਜ਼ਾਰੀ ਕੀਮਤ 20 ਕਰੋੜ ਰੁਪਏ ਪ੍ਰਤੀ ਕਿਲਾ ਹੈ, ਉੱਥੇ 4 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਰਕਾਰ ਇਹ ਜ਼ਮੀਨ ਲੈ ਰਹੀ ਹੈ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਸਪਸ਼ਟ ਕੀਤਾ ਕਿ ਛੋਟੇ ਠੇਕੇਦਾਰ, ਜੋ ਆਪਣੀ ਮਿਹਨਤ ਨਾਲ ਪਰਿਵਾਰ ਪਾਲ ਰਹੇ ਹਨ, ਉਨ੍ਹਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਆਪਣੇ ਲੋਕਾਂ ਦੇ ਨਾਲ ਹਰ ਹਾਲਤ ਵਿੱਚ ਖੜਾ ਰਹੇਗਾ ਅਤੇ ਲੋੜ ਪਈ ਤਾਂ ਕਾਨੂੰਨੀ ਰਾਖ ਤਿਆਰ ਕਰਦੇ ਹੋਏ ਅਦਾਲਤਾਂ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ