
ਬਰਨਾਲਾ, 05 ਜਨਵਰੀ (ਹਿੰ. ਸ.)। ਸਪਾਂਸਰਸ਼ਿਪ (ਫੋਸਟਰ ਕੇਅਰ) ਯੋਜਨਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹੱਤਵਪੂਰਨ ਕਲਿਆਣਕਾਰੀ ਯੋਜਨਾ ਹੈ ਜਿਸ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 4000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਮਦਦ ਦਿੱਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਉਨ੍ਹਾਂ ਬੱਚਿਆਂ ਦੀ ਸੰਭਾਲ ਕਰਨਾ ਹੈ, ਜੋ ਅਨਾਥ ਹਨ, ਮਾਤਾ-ਪਿਤਾ ਤੋਂ ਵਿਛੜੇ ਹੋਏ ਹਨ ਜਾਂ ਕਿਸੇ ਕਾਰਨ ਕਰਕੇ ਆਪਣੇ ਜੈਵਿਕ ਪਰਿਵਾਰ ਨਾਲ ਨਹੀਂ ਰਹਿ ਸਕਦੇ।
ਉਨ੍ਹਾਂ ਦੱਸਿਆ ਕਿ ਫੋਸਟਰ ਕੇਅਰ ਪ੍ਰਣਾਲੀ ਅਧੀਨ ਅਜਿਹੇ ਬੱਚਿਆਂ ਨੂੰ ਅਸਥਾਈ ਜਾਂ ਲੰਬੇ ਸਮੇਂ ਲਈ ਇੱਕ ਪਿਆਰ ਭਰਿਆ ਪਰਿਵਾਰਕ ਮਾਹੌਲ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਪ੍ਰਣਾਲੀ ਵਿੱਚ ਬੱਚੇ ਨੂੰ ਕਿਸੇ ਯੋਗ ਅਤੇ ਇੱਛੁਕ ਪਰਿਵਾਰ ਦੇ ਸਪੁਰਦ ਕੀਤਾ ਜਾਂਦਾ ਹੈ, ਜੋ ਉਸ ਦੀ ਸਿੱਖਿਆ, ਸਿਹਤ, ਪੋਸ਼ਣ ਅਤੇ ਸਮੂਹਿਕ ਵਿਕਾਸ ਦੀ ਪੂਰੀ ਜ਼ਿੰਮੇਵਾਰੀ ਨਿਭਾਉਂਦਾ ਹੈ। ਇਹ ਪਰਿਵਾਰ ਬੱਚੇ ਦੇ ਕਾਨੂੰਨੀ ਮਾਤਾ-ਪਿਤਾ ਨਹੀਂ ਬਣਦੇ, ਪਰ ਉਸਨੂੰ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਪਿਆਰ, ਸੁਰੱਖਿਆ ਅਤੇ ਸਹਾਰਾ ਦਿੰਦੇ ਹਨ। ਸਰਕਾਰ ਵੱਲੋਂ ਫੋਸਟਰ ਪਰਿਵਾਰ ਨੂੰ ਨਿਰਧਾਰਤ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਤਾਂ ਜੋ ਬੱਚੇ ਦੀ ਦੇਖਭਾਲ ਵਿੱਚ ਕੋਈ ਕਮੀ ਨਾ ਰਹੇ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਗਿੱਲ ਨੇ ਦੱਸਿਆ ਕਿ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਯੋਜਨਾ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 4000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਮਦਦ ਦਿੱਤੀ ਜਾਂਦੀ ਹੈ। ਇਹ ਸਹਾਇਤਾ ਉਨ੍ਹਾਂ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਦੋਵੇਂ ਮਾਤਾ-ਪਿਤਾ ਜਾਂ ਘਰ ਦੇ ਕਮਾਊ ਮੈਂਬਰ ਦੀ ਮੌਤ ਹੋ ਚੁੱਕੀ ਹੋਵੇ, ਬੱਚਾ ਜਾਂ ਮਾਤਾ-ਪਿਤਾ ਐਚ.ਆਈ.ਵੀ. ਰੋਗ ਨਾਲ ਪੀੜਤ ਹੋਣ, ਮਾਤਾ-ਪਿਤਾ ਜਾਂ ਘਰ ਦਾ ਕਮਾਊ ਮੈਂਬਰ ਜੇਲ੍ਹ ਵਿੱਚ ਹੋਵੇ, ਜਾਂ ਮਾਤਾ-ਪਿਤਾ ਵਿਕਲਾਂਗ ਹੋਣ ਜਾਂ ਲੰਬੀ ਬਿਮਾਰੀ ਨਾਲ ਪੀੜਤ ਹੋਣ।
ਇਸ ਤੋਂ ਇਲਾਵਾ ਤਲਾਕਸ਼ੁਦਾ ਜਾਂ ਵਿਧਵਾ ਮਾਤਾਵਾਂ ਦੇ ਬੱਚੇ, ਬਾਲ ਵਿਆਹ, ਬਾਲ ਮਜ਼ਦੂਰੀ, ਬਾਲ ਭਿਖਿਆ, ਬਾਲ ਤਸਕਰੀ ਜਾਂ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਬੱਚੇ ਵੀ ਇਸ ਯੋਜਨਾ ਅਧੀਨ ਲਾਭ ਪ੍ਰਾਪਤ ਕਰ ਸਕਦੇ ਹਨ। ਲਾਭਪਾਤਰੀ ਬੱਚਾ ਇਸ ਯੋਜਨਾ ਦਾ ਲਾਭ 18 ਸਾਲ ਦੀ ਉਮਰ ਤੱਕ ਲੈ ਸਕਦਾ ਹੈ। ਆਮਦਨ ਮਾਪਦੰਡ ਸਬੰਧੀ ਉਹਨਾਂ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ ਪੇਂਡੂ ਖੇਤਰ ਵਿੱਚ 72,000 ਰੁਪਏ ਤੋਂ ਘੱਟ ਅਤੇ ਸ਼ਹਿਰੀ ਖੇਤਰ ਵਿੱਚ 96,000 ਰੁਪਏ ਤੋਂ ਘੱਟ ਹੈ, ਉਹ ਪਰਿਵਾਰ ਇਸ ਯੋਜਨਾ ਲਈ ਯੋਗ ਹਨ। ਇਸ ਯੋਜਨਾ ਦਾ ਮੁੱਖ ਮਕਸਦ ਬੱਚਿਆਂ ਨੂੰ ਸੰਸਥਾਗਤ ਦੇਖਭਾਲ (ਜਿਵੇਂ ਕਿ ਚਾਈਲਡ ਹੋਮ ਆਦਿ) ਦੀ ਬਜਾਏ ਪਰਿਵਾਰਕ ਮਾਹੌਲ ਪ੍ਰਦਾਨ ਕਰਨਾ ਹੈ, ਕਿਉਂਕਿ ਪਰਿਵਾਰ ਵਿੱਚ ਰਹਿ ਕੇ ਬੱਚਿਆਂ ਦਾ ਮਾਨਸਿਕ ਅਤੇ ਸਮਾਜਿਕ ਵਿਕਾਸ ਹੋਰ ਵੀ ਬਿਹਤਰ ਢੰਗ ਨਾਲ ਹੁੰਦਾ ਹੈ। ਸਪਾਂਸਰਸ਼ਿਪ ਯੋਜਨਾ ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਹਰ ਬੱਚਾ ਪਿਆਰ, ਸੁਰੱਖਿਆ ਅਤੇ ਸੁਨਿਹਰੇ ਭਵਿੱਖ ਦਾ ਪੂਰਾ ਹੱਕਦਾਰ ਹੈ ਅਤੇ ਇਹ ਯੋਜਨਾ ਸਮਾਜ ਵਿੱਚ ਮਨੁੱਖੀ ਮੁੱਲਾਂ ਨੂੰ ਹੋਰ ਮਜ਼ਬੂਤ ਕਰਦੀ ਹੈ। ਇਸ ਸਕੀਮ ਦੇ ਲਾਭ ਲੈਣ ਲਈ, ਕੋਈ ਵੀ ਵਿਅਕਤੀ ਜ਼ਿਲ੍ਹਾ ਚਾਇਲਡ ਸੁਰੱਖਿਆ ਯੂਨਿਟ (ਡੀਸੀਪੀਯੂ) ਜਾਂ ਬੱਚਿਆਂ ਦੀ ਕਲਿਆਣ ਕਮੇਟੀ (ਸੀਡਬਲਿਊਸੀ) ਦੇ ਦਫਤਰ ਵਿੱਖੇ ਅਰਜ਼ੀ ਦੇ ਸਕਦਾ ਹੈ; ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਅਪਰੂਵਲ ਕਮੇਟੀ (ਐਸਐਫਸੀਏਸੀ) ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ