
ਮਾਨਸਾ, 05 ਜਨਵਰੀ (ਹਿੰ. ਸ.)। ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵਲੋਂ ਸੈਸ਼ਨ 2026–27 ਲਈ ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ’ਚ 9ਵੀਂ ਅਤੇ 11ਵੀਂ ਜਮਾਤ ਦੇ ਦਾਖਲਿਆਂ ਲਈ ਸਾਂਝੀ ਪ੍ਰਵੇਸ਼ ਪਰੀਖਿਆ ਮਾਰਚ 2026 ’ਚ ਕਰਵਾਈ ਜਾਵੇਗੀ। ਇਸ ਪਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 3 ਜਨਵਰੀ ਤੋਂ 20 ਜਨਵਰੀ 2026 ਤੱਕ ਜਾਰੀ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ’ਚ ਤਿੰਨ ਸਕੂਲ ਆਫ ਐਮੀਨੈਂਸ ਮਾਨਸਾ, ਬੋਹਾ ਅਤੇ ਸਰਦੂਲਗੜ੍ਹ ਵਿਖੇ ਸਥਿਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਵਰਤਮਾਨ ਸਮੇਂ ਕਲਾਸ 8ਵੀਂ ਅਤੇ 10ਵੀਂ ’ਚ ਅਧਿਐਨ ਕਰ ਰਹੇ ਵਿਦਿਆਰਥੀ ਇਸ ਪਰੀਖਿਆ ਲਈ ਯੋਗ ਹਨ। ਸਫਲ ਉਮੀਦਵਾਰਾਂ ਨੂੰ ਸੈਸ਼ਨ 2026–27 ਵਿੱਚ 9ਵੀਂ ਅਤੇ 11ਵੀਂ ’ਚ ਦਾਖਲਾ ਮਿਲੇਗਾ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਪਰਮਜੀਤ ਸਿੰਘ ਭੋਗਲ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਆਨਲਾਈਨ ਪੋਰਟਲ schoolofeminence.pseb.ac.in ਰਾਹੀਂ ਕੀਤੀ ਜਾਵੇਗੀ। ਇਸਦੇ ਨਾਲ ssapunjab.org, epunjabschool.gov.in ਅਤੇ pseb.ac.in ਰਾਹੀਂ ਵੀ ਪੋਰਟਲ ਤੱਕ ਪਹੁੰਚ ਕੀਤੀ ਜਾ ਸਕਦੀ ਹੈ।
ਅਰਜ਼ੀ ਭਰਨ ਸਮੇਂ ਵਰਤਮਾਨ ਕਲਾਸ ਦਾ ਵੇਰਵਾ ਦੇਣਾ ਲਾਜ਼ਮੀ ਹੋਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਵਿਦਿਆਰਥੀ ਆਨਲਾਈਨ ਰੋਲ ਨੰਬਰ ਅਤੇ ਸਟੂਡੈਂਟ ਆਈ ਡੀ ਦਰਜ ਕਰਨਗੇ, ਜਿਸ ਨਾਲ ਉਨ੍ਹਾਂ ਦਾ ਡਾਟਾ ਆਪਣੇ-ਆਪ ਭਰ ਜਾਵੇਗਾ। ਹੋਰ ਬੋਰਡਾਂ ਦੇ ਵਿਦਿਆਰਥੀਆਂ ਨੂੰ ਆਪਣੀ ਜਾਣਕਾਰੀ ਖੁਦ ਭਰਨੀ ਹੋਵੇਗੀ। ਲੋੜੀਂਦੇ ਵੇਰਵਿਆਂ ਦੀ ਪੁਸ਼ਟੀ ਤੋਂ ਬਾਅਦ ਰਜਿਸਟ੍ਰੇਸ਼ਨ ਸਲਿੱਪ ਡਾਊਨਲੋਡ ਕੀਤੀ ਜਾ ਸਕਦੀ ਹੈ। ਓ. ਟੀ. ਪੀ. ਨੰਬਰ ਤੋਂ ਬਿਨਾਂ ਅਰਜ਼ੀ ਅਧੂਰੀ ਮੰਨੀ ਜਾਵੇਗੀ। ਸਰਕਾਰੀ ਸਕੂਲਾਂ ਦੇ ਮੁਖੀ ਅਤੇ ਕੰਪਿਊਟਰ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਸਹਾਇਤਾ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸੀ. ਬੀ. ਐਸ. ਈ., ਆਈ. ਸੀ. ਐਸ. ਈ. ਸਮੇਤ ਹੋਰ ਬੋਰਡਾਂ ਦੇ ਵਿਦਿਆਰਥੀ ਵੀ ਅਰਜ਼ੀ ਦੇ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ