
ਸ੍ਰੀ ਅੰਮ੍ਰਿਤਸਰ, 05 ਜਨਵਰੀ (ਹਿੰ. ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਤਥਹੀਣ ਟਿੱਪਣੀਆਂ ਦਾ ਕਰੜਾ ਨੋਟਸ ਅਜਿਹੀਆਂ ਹਰਕਤਾਂ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ।
ਜਾਰੀ ਇੱਕ ਬਿਆਨ ਵਿੱਚ ਕੁਲਵੰਤ ਸਿੰਘ ਮੰਨਣ ਨੇ ਆਖਿਆ ਕਿ ਲੰਘੇ ਦਿਨ ਆਪ ਆਗੂ ਬਲਤੇਜ ਪੰਨੂ ਵੱਲੋਂ ਸਿੱਖ ਸੰਸਥਾ ਦੇ ਮੁਖੀ ਉੱਤੇ ਝੂਠੇ ਇਲਜ਼ਾਮ ਲਗਾਏ ਗਏ ਹਨ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਬਲਤੇਜ ਪੰਨੂ ਵੱਲੋਂ ਇਹ ਕਹਿਣਾ ਕਿ 328 ਪਾਵਨ ਸਰੂਪਾਂ ਨਾਲ ਸੰਬੰਧਿਤ ਇੱਕ ਡਾਇਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਸ ਹੈ, ਇਹ ਸਿਖਰਲਾ ਝੂਠ ਅਤੇ ਸੰਗਤਾਂ ਨੂੰ ਗੁਮਰਾਹ ਕਰਨ ਵਾਲੀ ਹਰਕਤ ਹੈ। ਸ. ਮੰਨਣ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਸ ਅਜਿਹੀ ਕਿਸੇ ਡਾਇਰੀ ਦਾ ਸਬੂਤ ਬਲਤੇਜ ਪੰਨੂ ਕੋਲ ਹੈ, ਤਾਂ ਉਹ ਜਨਤਕ ਕਰੇ ਨਹੀਂ ਤਾਂ ਇਸ ਦੀ ਮੁਆਫੀ ਮੰਗੇ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤ ਨੂੰ ਦੇਣ ਦਾ ਪ੍ਰਬੰਧਕੀ ਵਿਧੀ ਵਿਧਾਨ ਹੈ, ਜਿਸ ਵਿੱਚ ਅਜਿਹੀ ਡਾਇਰੀ ਦੀ ਕੋਈ ਵਿਵਸਥਾ ਨਹੀਂ ਹੈ। ਇਸ ਲਈ ਬਲਤੇਜ ਪੰਨੂ ਵੱਲੋਂ ਸੰਗਤ ਨੂੰ ਗੁਮਰਾਹ ਕੀਤਾ ਜਾਣਾ ਕੇਵਲ ਸਿਆਸਤ ਹੈ।
ਮੰਨਣ ਨੇ ਕਿਹਾ ਕਿ ਬਲਤੇਜ ਪੰਨੂ ਆਪਣੇ ਦਾਇਰੇ ਵਿੱਚ ਰਹੇ ਅਤੇ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਲਈ ਸਿੱਖ ਸੰਸਥਾ ਪ੍ਰਤੀ ਮਨਘੜਤ ਗੱਲਾਂ ਨਾ ਕਰੇ। ਜੇਕਰ ਉਸ ਨੇ ਅੱਗੇ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਕਿਸੇ ਵੀ ਅਹੁਦੇਦਾਰ ਤੇ ਝੂਠੇ ਇਲਜ਼ਾਮ ਲਗਾਉਣ ਦੀ ਹਰਕਤ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ