
ਤਰਨਤਾਰਨ, 05 ਜਨਵਰੀ (ਹਿੰ. ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ ਚਾਰ ਸਾਲਾਂ ਵਿੱਚ ਨੌਜਵਾਨਾਂ ਨੂੰ 61,000 ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਦਾ ਨਵਾਂ ਰਿਕਾਰਡ ਬਣਾਇਆ ਗਿਆ ਹੈ। ਪੰਜਾਬ ਸਰਕਾਰ ਨੇ ਅਪ੍ਰੈਲ, 2022 ਤੋਂ ਸਰਕਾਰੀ ਨੌਕਰੀਆਂ ਦੇਣ ਲਈ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਤੱਕ 61281 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਇਹ ਪ੍ਰਗਟਾਵਾ ਕਰਦਿਆਂ ਨਗਰ ਸੁਧਾਰ ਟਰੱਸਟ ਤਰਨ ਤਾਰਨ ਦੇ ਚੇਅਰਮੈਨ ਰਾਜਿੰਦਰ ਸਿੰਘ ਉਸਮਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਾਬਲੀਅਤ ਤੇ ਯੋਗਤਾ ਦੀ ਕਦਰ ਨਹੀਂ ਕੀਤੀ ਸਗੋਂ ਇਨ੍ਹਾਂ ਸਰਕਾਰਾਂ ਨੇ ਆਪਣੇ ਪੁੱਤ-ਭਤੀਜਿਆਂ ਅਤੇ ਚਹੇਤਿਆਂ ਨੂੰ ਰਿਉੜੀਆਂ ਵਾਂਗ ਨੌਕਰੀਆਂ ਵੰਡੀਆਂ। ਇਨ੍ਹਾਂ ਸਰਕਾਰਾਂ ਨੇ ਯੋਗਤਾ ਹੋਣ ਦੇ ਬਾਵਜੂਦ ਨੌਕਰੀ ਦੀ ਉਡੀਕ ਵਿੱਚ ਭਟਕਦੇ ਨੌਜਵਾਨਾਂ ਦਾ ਦੁੱਖ-ਦਰਦ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਸਾਲਾਂ ਵਿੱਚ ਪੰਜਾਬ ਦੇ ਹਰੇਕ ਪਿੰਡ, ਸ਼ਹਿਰ ਤੇ ਕਸਬੇ ਦੇ ਨੌਜਵਾਨ ਨੂੰ ਕਾਬਲੀਅਤ ਅਤੇ ਯੋਗਤਾ ਦੇ ਆਧਾਰ ’ਤੇ ਨੌਕਰੀ ਦਿੱਤੀ ਤਾਂ ਕਿ ਸਧਾਰਨ ਘਰਾਂ ਦੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ।
ਚੇਅਰਮੈਨ ਰਾਜਿੰਦਰ ਸਿੰਘ ਉਸਮਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਸਿੱਖਿਆ ਕ੍ਰਾਂਤੀ ਜਰੀਏ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਅਤੇ ਹੁਣ ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ ਤੇ ਸਹੂਲਤਾਂ ਦੇ ਪੱਖ ਤੋਂ ਨਿੱਜੀ ਸਕੂਲਾਂ ਤੋਂ ਵੀ ਅੱਗੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 234 ਪ੍ਰਿੰਸੀਪਲਾਂ ਅਤੇ ਸਿੱਖਿਆ ਅਧਿਕਾਰੀਆਂ ਨੇ ਸਿੰਗਾਪੁਰ ਵਿੱਚ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਕੀਤੀ ਹੈ, 249 ਮੁੱਖ ਅਧਿਆਪਕਾਂ ਨੇ ਆਈ.ਆਈ.ਐਮ. ਅਹਿਮਦਾਬਾਦ ਵਿੱਚ ਐਡਵਾਂਸਡ ਕੋਚਿੰਗ ਪ੍ਰਾਪਤ ਕੀਤੀ ਹੈ ਅਤੇ 216 ਪ੍ਰਾਇਮਰੀ ਅਧਿਆਪਕਾਂ ਨੇ ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਵਿੱਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਕਦਮ ਚੁੱਕੇ ਹਨ, ਜਿਨ੍ਹਾਂ ਦੀ ਚਰਚਾ ਹੁਣ ਦੇਸ਼ ਭਰ ਵਿੱਚ ਹੋ ਰਹੀ ਹੈ।
------------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ