
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 06 ਜਨਵਰੀ (ਹਿੰ. ਸ.)। ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਵੱਲੋਂ ਸਾਲ 2026 ਦੀ ਪਹਿਲੀ ਮੀਟਿੰਗ ਕਰਦਿਆਂ ਹੋਇਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਹਾਲੀ ਦੇ ਸਮੂਹ ਸਟਾਫ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ, ਸਰਕਾਰ ਵੱਲੋਂ ਕਿਸਾਨ ਭਲਾਈ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜਾ ਲਿਆ ਗਿਆ ਅਤੇ ਆਉਣ ਵਾਲੇ ਸਮੇਂ ਦੌਰਾਨ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਕਿ ਸੂਰਜਮੁੱਖੀ ਦਾ ਬੀਜ, ਖੇਤੀ ਮਸ਼ੀਨਰੀ, ਤੇਲ ਬੀਜ ਤੇ ਦਾਲਾਂ ਦੀਆਂ ਮਿੰਨੀ ਕਿੱਟਾਂ, ਜਿਪਸਮ ਅਤੇ ਜੰਤਰ ਦੀ ਉਪਲੱਬਧਤਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਵਿਸ਼ੇਸ਼ ਤੌਰ ਤੇ ਸਰਕਾਰ ਵੱਲੋਂ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਾ ਰਹੀ 4000/- ( ਚਾਰ ਹਜਾਰ) ਰੁਪਏ ਦੀ ਵਿੱਤੀ ਸਹਾਇਤਾ ਅਤੇ ਉਨ੍ਹਾਂ ਦੇ ਖੇਤਾਂ ਦੇ ਮਿੱਟੀ ਦੇ ਸੈਂਪਲਾਂ ਦੀ ਪ੍ਰਗਤੀ ਸਬੰਧੀ ਸਮੂਹ ਸਟਾਫ ਨੂੰ ਹਦਾਇਤ ਕੀਤੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਚਲਾਈ ਜਾ ਰਹੀ ਸਬ ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ ਸਕੀਮ ਅਧੀਨ ਮਸ਼ੀਨਰੀ ਦੀ ਖ੍ਰੀਦ ਲਈ ਡਿਪਟੀ ਕਮਿਸ਼ਨਰ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਧੀਨ ਪ੍ਰਬੰਧਕੀ ਕੰਪਲੈਕਸ ਐੱਸ.ਏ.ਐੱਸ.ਨਗਰ ਵਿਖੇ ਡਰਾਅ ਵੀ ਕੱਢਿਆ ਗਿਆ।
ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਨੇ ਜਾਣਕਾਰੀ ਦਿੱਤੀ ਕਿ ਇਸ ਸਕੀਮ ਅਧੀਨ ਮਸ਼ੀਨਰੀ ਦੀ ਖਰੀਦ ਲਈ ਜੂਨ 2025 ਵਿੱਚ ਇਸਤਿਹਾਰ ਦਿੱਤਾ ਗਿਆ ਸੀ ਪ੍ਰੰਤੂ ਲਗਭਗ 62 ਲੱਖ ਰੁਪਏ ਜੋ ਕਿ ਬਕਾਇਆ ਰਹਿ ਗਏ ਸਨ, ਸਰਕਾਰ ਪਾਸੋਂ ਦੁਬਾਰਾ ਪ੍ਰਵਾਨਗੀ ਲੈ ਕਿ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਦਿੱਤੇ ਜਾਣ ਬਾਰੇ ਵੀ ਦੱਸਿਆ ਗਿਆ। ਇਸ ਸਮੇਂ ਡਾ. ਗੁਰਮੀਤ ਸਿੰਘ ਰਾਏ ਜਿਲ੍ਹਾ ਸਿਖਲਾਈ ਅਫਸਰ, ਡਾ. ਸ਼ੁਭਕਰਨ ਸਿੰਘ , ਡਾ. ਰਮਨ ਕਰੋੜੀਆ ਖੇਤੀਬਾੜੀ ਅਫਸਰ ਸਕੀਮ ਦੇ ਨੋਡਲ ਅਫਸਰ ਡਾ. ਗੁਰਦਿਆਲ ਕੁਮਾਰ, ਕ੍ਰਿਸੀ ਵਿਗਿਆਨ ਕੇਂਦਰ,ਸਹਿਕਾਰੀ ਸਭਾਵਾਂ, ਲੀਡ ਬੈਂਕ, ਅਗਾਂਹਵਧੂ ਕਿਸਾਨਾਂ ਅਤੇ ਵਿਭਾਗ ਦੇ ਵੱਖ ਵੱਖ ਅਧਿਕਾਰੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ