
ਅੰਮ੍ਰਿਤਸਰ, 06 ਜਨਵਰੀ (ਹਿੰ. ਸ.)। ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਚੰਡੀਗੜ੍ਹ ਵੱਲੋਂ ਅਧਿਕਾਰੀਆਂ /ਕਰਮਚਾਰੀਆਂ ਲਈ ਨੈਤਿਕ ਮੂਲਾਂ ਅਤੇ ਨੈਤਿਕਤਾ ਸਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਬੱਚਤ ਭਵਨ ਵਿਖੇ ਕੀਤਾ ਗਿਆ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਅਧਿਕਾਰੀਆਂ/ਕਰਮਚਾਰੀਆਂ ਵਿੱਚ ਇਮਾਨਦਾਰੀ, ਜਿੰਮੇਵਾਰੀ, ਪਾਰਦਸ਼ਤਾ ਅਤੇ ਜਨ ਸੇਵਾ ਦੇ ਮੂਲ ਸਿਧਾਂਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।
ਇਸ ਟ੍ਰੇਨਿੰਗ ਸੈਮੀਨਾਰ ਨੂੰ ਮੈਗਸਿਪਾ ਦੇ ਰੀਜਨਲ ਪ੍ਰੋਜੈਕਟ ਡਾਇਰੈਕਟਰ ਜਲੰਧਰ ਦੇ ਪ੍ਰਿਥੀ ਸਿੰਘ ਵਲੋਂ ਟ੍ਰੇਨਿੰਗ ਦਿੱਤੀ ਗਈ। ਪ੍ਰਿਥੀ ਸਿੰਘ ਨੇ ਕਰਮਚਾਰੀਆਂ ਨੂੰ ਦਫ਼ਤਰ ਕੰਮਕਾਜ ਕਿਵੇਂ ਕਰਨਾ ਹੈ ਅਤੇ ਕੰਮ ਦੌਰਾਨ ਨੈਤਿਕ ਆਚਰਣ, ਕਾਰਜਕੁਸ਼ਲਤਾ ਵਿੱਚ ਸੁਧਾਰ, ਫੈਸਲਾ ਲੈਣ ਸਮੇਂ ਨੈਤਿਕ ਮਾਪ ਦੰਡਾਂ ਦੀ ਅਹਿਮੀਅਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰਿਥੀ ਸਿੰਘ ਨੇ ਸੈਮੀਨਾਰ ਵਿੱਚ ਸ਼ਾਮਲ ਅਧਿਾਕਰੀਆਂ/ਕਰਮਚਾਰੀਆਂ ਨੂੰ ਕਿਹਾ ਕਿ ਨੈਤਿਕ ਮੂਲਾਂ ਦੀ ਪਾਲਣਾ ਨਾ ਸਿਰਫ ਵਿਅਕਤੀਗਤ ਵਿਕਾਸ ਹੁੰਦਾ ਹੈ ਸਗੋਂ ਸੰਸਥਾਵਾਂ ਦੀ ਭਰੋਸੇਯੋਗਤਾ ਅਤੇ ਕਾਰਗੁਜਾਰੀ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਰਕਾਰੀ ਕੰਮ ਨੂੰ ਨਿਯਮਾਂ ਅਨੁਸਾਰ ਅਤੇ ਕਾਨੂੰਨ ਅਨੁਸਾਰ ਕਰਦੇ ਹਾਂ ਤਾਂ ਸਾਡੇ ਅੰਦਰ ਨਵੀਂ ਚੇਤਨਾ ਦਾ ਵਿਕਾਸ ਹੁੰਦਾ ਹੈ ਅਤੇ ਅਸੀਂ ਆਪਣੀ ਪੂਰੀ ਨੌਕਰੀ ਬਿਨਾਂ ਕਿਸੇ ਦਬਾਓ ਤੋਂ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਨੈਤਿਕ ਫੈਸਲੇ ਸਾਡੇ ਕੰਮਕਾਜ ਨੂੰ ਪ੍ਰਭਾਵਿਤ ਕਰਦੇ ਹਨ।
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸਿਪਟ ਦੇ ਸਾਬਕਾ ਡਾਇਰੈਕਟਰ ਕਮਲਜੀਤ ਘਈ ਨੇ ਕਿਹਾ ਕਿ ਕੰਮ ਵਾਲੇ ਸਥਾਨ ਤੇ ਨੈਤਿਕਤਾ ਅਤੇ ਪੇਸ਼ਾਵਰ ਰਵੱਈਏ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਨੈਤਿਕ ਮੂਲ ਅਤੇ ਪੇਸ਼ਾਵਰਤਾ ਕਿਸੇ ਵੀ ਸੰਸਥਾ ਦੀ ਸਫਲਤਾ ਦੀ ਮਜਬੂਤ ਨੀਂਹ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੰਮਕਾਜ ਦੌਰਾਨ ਇਮਾਨਦਾਰੀ, ਜਵਾਬਦੇਹੀ, ਅਨੁਸਾਸ਼ਨ, ਟੀਮ ਵਰਕ ਅਤੇ ਆਪਸੀ ਸਨਮਾਨ ਵਰਗੇ ਮੁੱਖ ਵਿਸ਼ਿਆਂ ਉਤੇ ਚੱਲ ਕੇ ਹੀ ਅਸੀਂ ਆਪਣੇ ਕੰਮਕਾਜ ਨੂੰ ਸਫਲਤਾ ਪੂਰਵਕ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਭਰੋਸਾ ਵੱਧਦਾ ਹੈ ਸਗੋਂ ਕੰਮਕਾਜ ਦਾ ਮਾਹੌਲ ਸਾਕਾਰਾਤਮਕ ਬਣਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕੰਮਕਾਜ ਨੂੰ ਚਲਾਉਣ ਲਈ ਸਰਕਾਰ ਵੱਲੋਂ ਬਣਾਏ ਗਏ ਨਿਯਮਾਂ ਅਨੁਸਾਰ ਕਰਦੇ ਹਾਂ ਤਾਂ ਸਾਨੂੰ ਮਾਨਸਿਕ ਸੰਤੁਸ਼ਟੀ ਵੀ ਮਿਲਦੀ ਹੈ। ਸ੍ਰੀ ਘਈ ਨੇ ਕਿਹਾ ਕਿ ਨੌਕਰੀ ਦੌਰਾਨ ਸਾਨੂੰ ਆਪਣੇ ਕੰਮ ਬਿਨਾਂ ਕਿਸੇ ਭੇਦਭਾਵ, ਭਾਈ ਭਤੀਜਾਵਾਦ ਤੋਂ ਦੂਰ ਰਹਿ ਕੇ ਕਰਨਾ ਚਾਹੀਦਾ ਹੈ।
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਉਪ ਜਿਲ੍ਹਾ ਸਿਖਿਆ ਅਫਸਰ ਰਾਜੇਸ਼ਵਰ ਸਲਾਰੀਆ ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਲੰਬਾ ਸਮਾਂ ਸਰਕਾਰੀ ਨੌਕਰੀ ਵਿੱਚ ਰਹਿਣਾ ਹੈ ਅਤੇ ਤੁਹਾਡਾ ਫਰਜ਼ ਬਣਦਾ ਹੈ ਕਿ ਸਰਕਾਰੀ ਨਿਯਮਾਂ ਸਬੰਧੀ ਪੂਰੀ ਜਾਣਕਾਰੀ ਰੱਖੀ ਜਾਵੇ ਅਤੇ ਆਪਣੇ ਕੰਮਾਂ ਨੂੰ ਸਮਾਜਿਕ ਰੂਲਾਂ ਦੇ ਅਧਾਰ ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਤੁਹਾਡੀ ਪਹਿਚਾਣ ਸਿਰਫ ਕੰਮ ਦੇ ਅਧਾਰ ਤੇ ਹੀ ਹੁੰਦੀ ਹੈ ਅਤੇ ਤੁਹਾਡਾ ਕੰਮਕਾਜ ਦਾ ਤਰੀਕਾ ਹੀ ਤੁਹਾਡੇ ਪ੍ਰਭਾਵ ਨੂੰ ਦਰਸਾਉਂਦਾ ਹੈ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਡਿਪਟੀ ਜੋਨਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਕੇ: ਬੀ. ਸਿੰਘ ਨੇ ਕਿਹਾ ਕਿ ਤੁਹਾਡਾ ਨੈਤਿਕ ਆਚਰਣ ਤੁਹਾਡੇ ਕੰਮਕਾਜ ਦੀ ਪਰਿਭਾਸਾ ਨੂੰ ਦਰਸਾਉਂਦਾ ਹੈ ਅਤੇ ਜੇਕਰ ਅਸੀਂ ਕੰਮਕਾਜ ਨੂੰ ਪੂਰੀ ਸੰਤੁਸ਼ਟੀ ਨਾਲ ਕਰਦੇ ਹਾਂ ਅਤੇ ਸਮੇਂ ਸਿਰ ਦਫਤਰ ਪੁੱਜਦੇ ਹਾਂ ਤਾਂ ਸਾਡੇ ਮਨ ਵਿੱਚ ਕੋਈ ਡਰ ਦੀ ਭਾਵਨਾ ਨਹੀਂ ਰਹਿੰਦੀ।
ਟ੍ਰੇਨਿੰਗ ਵਿੱਚ ਸ਼ਾਮਲ ਅਧਿਕਾਰੀਆਂ/ਕਰਮਚਾਰੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ ਅਤੇ ਇਸ ਸੈਮੀਨਾਰ ਨੂੰ ਲਾਭਕਾਰੀ ਦੱਸਦਿਆਂ ਭਵਿੱਖ ਵਿੱਚ ਹੋਰ ਵੀ ਟ੍ਰੇਨਿੰਗ ਦੇਣ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਕੰਮ ਵਾਲੇ ਸਥਾਨ ਤੇ ਉਚ ਨੈਤਿਕ ਮਿਆਰ ਅਤੇ ਪੇਸ਼ਾਵਰ ਵਰਤਾਓ ਨੂੰ ਸਦਾ ਕਾਇਮ ਰੱਖਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ