
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 06 ਜਨਵਰੀ (ਹਿੰ. ਸ.)। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਚਲਾਈ ਗਈ ਇੱਕ ਮਹੀਨੇ ਲੰਬੀ ਮੁਹਿੰਮ ‘ਯੂਥ ਅਗੇਂਸਟ ਡਰੱਗਜ਼’ ਅੱਜ ਸਫ਼ਲਤਾਪੂਰਵਕ ਮੁਕੰਮਲ ਹੋ ਗਈ। ਇਸ ਮੁਹਿੰਮ ਦੇ ਸਮਾਪਤੀ ਸਮਾਰੋਹ ਮੌਕੇ ਇੱਕ ਵਾਕਾਥਾਨ ਦਾ ਆਯੋਜਨ ਕੀਤਾ ਗਿਆ, ਜੋ ਮਾਨਵ ਮੰਗਲ ਸਮਾਰਟ ਸਕੂਲ, ਸੈਕਟਰ-88, ਮੋਹਾਲੀ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਅਦਾਲਤ ਕੰਪਲੈਕਸ, ਮੋਹਾਲੀ ਤੱਕ ਸੀ।
ਇਸ ਵਾਕਾਥਾਨ ਦੀ ਅਗਵਾਈ ਮਾਣਯੋਗ ਜਸਟਿਸ ਹਰਿਸਿਮਰਨ ਸਿੰਘ ਸੇਠੀ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੁਲ ਕਸਾਨਾ ਅਤੇ ਨਵਜੋਤ ਕੌਰ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੀਤੀ।
ਹੋਰ ਜਾਣਕਾਰੀ ਦਿੰਦਿਆਂ ਸੁਰਭੀ ਪ੍ਰਾਸ਼ਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਦੱਸਿਆ ਕਿ ਇਸ ਵਾਕਾਥਾਨ ਵਿੱਚ ਜਗਦੀਪ ਕੌਰ, ਐਡੀਸ਼ਨਲ ਮੈਂਬਰ ਸਕੱਤਰ, ਪੀ.ਐਲ.ਐਸ.ਏ., ਸੈਸ਼ਨ ਕੋਰਟ ਮੋਹਾਲੀ ਵਿੱਚ ਤਾਇਨਾਤ ਨਿਆਂਇਕ ਅਧਿਕਾਰੀ, ਪੈਨਲ ਵਕੀਲ, ਪੈਰਾ ਲੀਗਲ ਵਲੰਟੀਅਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਮਾਣਯੋਗ ਜਸਟਿਸ ਹਰਿਸਿਮਰਨ ਸਿੰਘ ਸੇਠੀ ਵੱਲੋਂ ਭਾਗੀਦਾਰਾਂ ਨੂੰ 'ਸਰਟੀਫਿਕੇਟ ਆਫ਼ ਐਪ੍ਰੀਸੀਏਸ਼ਨ' ਵੀ ਵੰਡੇ ਗਏ।
ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ‘ਯੂਥ ਅਗੇਂਸਟ ਡਰੱਗਜ਼’ ਮੁਹਿੰਮ ਦੀ ਸ਼ੁਰੂਆਤ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 6 ਦਸੰਬਰ, 2025 ਨੂੰ ਕੀਤੀ ਗਈ ਸੀ, ਜਿਸ ਦੀ ਅਗਵਾਈ ਮਾਣਯੋਗ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਐਗਜ਼ਿਕਿਊਟਿਵ ਚੇਅਰਮੈਨ ਕਰ ਰਹੇ ਹਨ। ਮੁਹਿੰਮ ਦੌਰਾਨ ਪੈਨਲ ਵਕੀਲਾਂ, ਪੈਰਾ ਲੀਗਲ ਵਲੰਟੀਅਰਾਂ, ਸਥਾਨਕ ਪ੍ਰਸ਼ਾਸਨ, ਸਿਹਤ ਅਤੇ ਸਿੱਖਿਆ ਵਿਭਾਗਾਂ ਦੇ ਸਹਿਯੋਗ ਨਾਲ ਰੈਲੀਆਂ, ਵਰਕਸ਼ਾਪਾਂ ਅਤੇ ਸੈਮੀਨਾਰ ਆਯੋਜਿਤ ਕੀਤੇ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ ਵਿੱਚ ਨਸ਼ਿਆਂ ਦੇ ਦੁਰਉਪਯੋਗ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਭਾਸ਼ਣ, ਬਹਿਸ ਮੁਬਹਿਸ, ਪੋਸਟਰ ਮੇਕਿੰਗ, ਚਾਰਟ ਮੇਕਿੰਗ ਅਤੇ ਨੁੱਕੜ ਨਾਟਕ ਵਰਗੀਆਂ ਪ੍ਰਤਿਯੋਗਤਾਵਾਂ ਵੀ ਕਰਵਾਈਆਂ ਗਈਆਂ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ